News

ਹੈਵਾਨ ਬਣਿਆ ਕ੍ਰਿਸ਼ਨ, ਡੇਰੇ ਗਈ ਤਾਂ….

ਅੰਧ ਵਿਸ਼ਵਾਸ ਦੀ ਦਲਦਲ ‘ਚ ਗ੍ਰਸਤ ਔਰਤਾਂ ਦਾ ਡੇਰਿਆਂ ਜਾਂ ਹੋਰ ਧਾਰਮਿਕ ਥਾਵਾਂ ਤੇ ਸਰੀਰਕ ਸ਼ੋਸ਼ਣ ਬੇਸ਼ੱਕ ਕੋਈ ਨਵੀਂ ਗੱਲ ਤਾਂ ਨਹੀਂ , ਪਰੰਤੂ ਡੇਰੇ ਇਲਾਜ ਕਰਵਾਉਣ ਆਈ ਇੱਕ ਡਿਪਰੈਸ਼ਨ ਦੀ ਮਰੀਜ਼ ਔਰਤ ਦੀ ਉਸ ਦੇ ਘਰ ਜਾ ਕੇ ਜਬਰੀ ਇੱਜ਼ਤ ਲੁੱਟਣ ਦੀ ਘਟਨਾ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਦਾ ਇੱਕ ਹੋਰ ਨਵਾਂ ਡੇਰਾ ਚਰਚਾ ਵਿੱਚ ਆ ਗਿਆ ਹੈ। ਡੇਰੇ ਦੇ ਸਵਾਮੀ ਕ੍ਰਿਸ਼ਨ ਨੇ ਹੈਵਾਨ ਬਣ ਕੇ, ਸ਼ਿਵ ਧਾਮ ਨੂੰ ਹੀ ਨਹੀਂ, ਭਗਵਾਨ ਦੇ ਨਾਮ ਨੂੰ ਵੀ ਕਲੰਕਿਤ ਕਰ ਦਿੱਤਾ। ਥਾਣਾ ਧਨੌਲਾ ਦੀ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ਦੇ ਅਧਾਰ ‘ਤੇ ਡੇਰੇ ਦੇ ਸਵਾਮੀ ਅਤੇ ਉੱਥੋਂ ਦੇ ਹੀ ਇੱਕ ਪੰਚ ਖਿਲਾਫ ਜਬਰ ਜਨਾਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੁੱਦਈ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਪਿਛਲੇ ਕਰੀਬ 5-6 ਸਾਲਾ ਤੋਂ ਡਿਪਰੈਸ਼ਨ ਦੀ ਮਰੀਜ਼ ਹੈ । ਨਮੋਲ ਪਿੰਡ ਰਹਿੰਦੀ ਉਸ ਦੀ ਮਾਸੀ ਨੇ ਉਹਨੂੰ ਦੱਸਿਆ ਕਿ ਉਸ ਦੇ ਪਿੰਡ ਵਿੱਚ ਇੱਕ ਡੇਰਾ ਸ਼ਿਵ ਧਾਮ ਹੈ, ਜਿੱਥੇ ਹਰ ਬਿਮਾਰੀ ਠੀਕ ਹੋ ਜਾਂਦੀ ਹੈ। ਸ਼ਿਕਾਇਤ ਕਰਤਾ ਅਨੁਸਾਰ ਉਸ ਨੇ ਸਾਲ 2019 ਵਿੱਚ ਸ਼ਿਵ ਧਾਮ ਡੇਰਾ ਨਮੋਲ ਵਿਖੇ ਜਾਣਾ ਸ਼ੁਰੂ ਕਰ ਦਿੱਤਾ ਸੀ। ਡੇਰੇ ਦਾ ਸੇਵਾਦਾਰ ਕ੍ਰਿਸ਼ਨ ਗਿਰ ਉਕਤ ਡੇਰੇ ਵਿੱਚ ਹੀ ਰਹਿੰਦਾ ਸੀ ਜੋ ਮਿਤੀ 03-08-2020 ਨੂੰ ਪਿੰਡ ਨਮੋਲ ਦੇ ਪੰਚ ਗੁਰਜੰਟ ਸਿੰਘ ਦੇ ਨਾਲ ਸਾਡੇ ਘਰ ਆਇਆ । ਮੈਂ ਘਰ ਵਿੱਚ ਇੱਕਲੀ ਸੀ, ਕ੍ਰਿਸ਼ਨ ਗਿਰ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਸਰੀਰਕ ਸਬੰਧ ਬਣਾਉਣ ਲਈ ਕਿਹਾ। ਜਿਸ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਅਤੇ ਰੌਲਾ ਪਾਇਆ। ਪਰੰਤੂ ਉਸਨੇ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੇ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਮੈਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗਾ। ਇਸ ਘਟਨਾ ਸਮੇਂ ਪੰਚ ਗੁਰਜੰਟ ਸਿੰਘ ਸਾਡੇ ਘਰ ਦੇ ਬਾਹਰ ਪਹਿਰੇਦਾਰ ਬਣ ਕੇ ਖੜਾ ਰਿਹਾ ਅਤੇ ਸਵਾਮੀ ਕ੍ਰਿਸ਼ਨ ਗਿਰ ਨੇ ਜ਼ਬਰਦਸਤੀ ਮੇਰੀ ਮਰਜ਼ੀ ਤੋਂ ਬਗੈਰ ਮੇਰੇ ਨਾਲ ਜਬਰ ਜਨਾਹ ਕੀਤਾ। ਸਵਾਮੀ ਨੇ ਫਿਰ ਧਮਕੀ ਦਿੱਤੀ ਕੇ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੇਰੇ ਪਰਿਵਾਰ ਨੂੰ ਮਾਰ ਦੇਵਾਗਾ, ਜਿਸ ਤੋਂ ਡਰਦੀ ਮਾਰੀ ਮੈਂ ਚੁੱਪ ਰਹੀ।

ਪੀੜਤ ਨੇ ਦੱਸਿਆ ਕਿ ਜਨਵਰੀ 2021 ਵਿੱਚ ਇੱਕ ਦਿਨ ਜਦੋਂ ਮੈਂ ਘਰ ਵਿਚ ਇਕੱਲੀ ਸੀ ਤਾਂ ਸਵਾਮੀ ਕ੍ਰਿਸ਼ਨ ਗਿਰ ਫਿਰ ਮੇਰੇ ਘਰ ਆਇਆ ਤੇ ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਸਰੀਰਕ ਸਬੰਧ ਬਣਾਏ। ਆਖਿਰ ਉਸ ਦੇ ਅੱਤਿਆਚਾਰ ਤੋਂ ਤੰਗ ਆ ਕੇ ਮੈਂ ਸਵਾਮੀ ਦੀ ਕਰਤੂਤ ਆਪਣੀ ਮਾਤਾ ਨੂੰ ਦੱਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸਵਾਮੀ ਕ੍ਰਿਸ਼ਨ ਗਿਰ ਅਤੇ ਪੰਚ ਗੁਰਜੰਟ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376 (2) N/120 B/506 IPC ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *