ਐੱਨਐੱਚਐੱਮ ਮੁਲਾਜ਼ਮਾਂ ਨੇ ਰੈਗੂਲਰ ਕਰਨ ਦੀ ਕੀਤੀ ਮੰਗ
ਬਰਨਾਲਾ
ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਜ਼ਿਲ੍ਹੇ ਭਰ ਤੋਂ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਸ਼ਹਿਰ ‘ਚ ਰੋਸ ਮਾਰਚ ਕਰਕੇ ਸੂਬੇ ਦੀ ਚੰਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ। ਇਸ ਹੜਤਾਲ ‘ਚ ਠੇਕਾ ਅਧਾਰਿਤ ਡਾਕਟਰ,ਸਟਾਫ ਨਰਸਾਂ, ਕਮਿਊਨਿਟੀ ਹੈਲਥ ਅਫਸਰ, ਏਐਨਐਮਜ਼, ਦਫਤਰੀ ਮੁਲਾਜ਼ਮ, ਫਾਰਮਾਸਿਸਟ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਐਨਐਚਐਮ ਇੰਪਲਾਈਜ਼ ਯੂਨੀਅਨ ਦੇ ਜ਼ਲਿ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀਐਚਓ, ਹਰਜੀਤ ਸਿੰਘ, ਵਿਪਨ ਕੁਮਾਰ, ਗੁਰਦੀਪ ਸਿੰਘ, ਨਵਦੀਪ ਸਿੰਘ, ਸੁਖਪਾਲ ਸਿੰਘ ਆਦਿ ਨੇ ਕਿਹਾ ਕਿ ਹੜਤਾਲ ਉਹਨਾਂ ਦਾ ਸ਼ੌਂਕ ਨਹੀਂ ਬਲਕਿ ਮਜਬੂਰੀ ਹੈ, ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਉੱਪਰ ਕੰਮ ਕਰ ਰਹੇ ਹਨ ਤੇ ਪੰਜਾਬ ਸਰਕਾਰ ਐਨਐਚਐਮ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੀਡੀਆ ‘ਚ ਤਾਂ ਇਹ ਕਹਿੰਦੇ ਹਨ ਕਿ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ ਪਰ ਹਕੀਕਤ ‘ਚ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ ਹੈ। ਉਨਾਂ੍ਹ ਚੰਨੀ ਸਰਕਾਰ ਨੂੰ ਲਾਰੇ ਲਾਊ ਸਰਕਾਰ ਕਹਿੰਦਿਆਂ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ। ਉਨਾਂ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੇਅ ਸਕੇਲਾਂ ਤਹਿਤ ਰੈਗੂਲਰ ਕੀਤਾ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਰੁਪਿੰਦਰ ਕੌਰ, ਵੀਰਪਾਲ ਕੌਰ, ਨਰੇਸ਼ ਕੁਮਾਰੀ, ਵਰਿੰਦਰ ਕੌਰ, ਵਿੱਕੀ, ਸੁਖਵਿੰਦਰ ਸਿੰਘ, ਨਰਿੰਦਰ ਪਾਲ ਆਦਿ ਨੇ ਸਮੂਹ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ।