ਵਧੀਆ ਝਾੜ ਦੇਣ ਵਾਲੀਆਂ ਕਣਕ ਦੀਆਂ ਨਵੀਆਂ ਕਿਸਮਾਂ
ਹਾੜੀ ਦੀਆਂ ਫ਼ਸਲਾਂ ਦੀ ਗੱਲ ਕਰੀਏ ਤਾਂ ਕਣਕ ਪੰਜਾਬ ਦੀ ਪ੍ਰਮੁੱਖ ਫ਼ਸਲ ਹੈ। ਪਿਛਲੇ ਸਾਲਾਂ ਦੌਰਾਨ ਸੂਬੇ ’ਚ ਕਣਕ ਦੀ ਪੈਦਾਵਾਰ ਬਹੁਤ ਵਧੀਆ ਰਹੀ ਹੈ ਤੇ ਇਸ ਦਾ ਔਸਤਨ ਝਾੜ ਲਗਭਗ 49- 50 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਹੈ। ਬੇਸ਼ੱਕ ਇਸ ਫ਼ਸਲ ਦੀ ਪੈਦਾਵਾਰ ਮੌਸਮ ’ਤੇ ਵੀ ਨਿਰਭਰ ਕਰਦੀ ਹੈ ਪਰ ਇਸ ਵਿਚ ਇਹ ਤੱਥ ਵੀ ਮਾਇਨੇ ਰੱਖਦਾ ਹੈ ਕਿ ਕਣਕ ਦੀ ਕਿਸ ਕਿਸਮ ਦੀ ਬਿਜਾਈ ਕੀਤੀ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਇਜਾਦ ਕਰਨ ਦੀ ਖੋਜ ਹੁੰਦੀ ਰਹਿੰਦੀ ਹੈ ਤੇ ਇਸ ਸਾਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਵੱਲੋਂ ਸਿਫ਼ਾਰਸ਼ ਕੀਤੀਆਂ ਨਵੀਆ ਕਿਸਮਾਂ ਦੇ ਪਹਿਲਾਂ ਤਜਰਬੇ ਕੀਤੇ ਜਾਂਦੇ ਹਨ। ਇਹ ਸਿਫ਼ਾਰਸ਼ ਕੀਤੀਆਂ ਨਵੀਆਂ ਕਿਸਮਾਂ ਇਨ੍ਹਾਂ ਤਜਰਬਿਆਂ ਦੌਰਾਨ ਝਾੜ ਪੱਖੋਂ ਮੋਹਰੀ ਹੁੰਦੀਆਂ ਹਨ। ਇਹ ਬਿਮਾਰੀਆਂ ਤੋਂ ਵੀ ਰਹਿਤ ਹੁੰਦੀਆਂ ਹਨ ਜਾਂ ਬਿਮਾਰੀਆ ਦਾ ਘੱਟ ਅਸਰ ਹੁੰਦਾ ਹੈ। ਵਧੀਆ ਪੈਦਾਵਾਰ ਲੈਣ ਲਈ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਚੋਣ ਖੇਤਰ, ਬਿਜਾਈ ਦੇ ਸਮੇਂ, ਫ਼ਸਲੀ ਚੱਕਰ ਤੇ ਮੁਹੱਈਆ ਸਰੋਤਾਂ ਅਨੁਸਾਰ ਕਰਨੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਕਣਕ ਦੀਆਂ ਨਵੀਆਂ ਕਿਸਮਾਂ ਤੇ ਪਿਛਲੇ ਸਮੇਂ ਦੌਰਾਨ ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸੇਜੂ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਲਈ
ਪੀ. ਬੀ. ਡਬਲਯੂ 869 (2021): ਇਹ ਕਿਸਮ ਝੋਨੇ ਦੇ ਵੱਢਾਂ ’ਚ ਹੈਪੀ ਸੀਡਰ/ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕਰਨ ਹਿੱਤ ਸਭ ਤੋ ਢੁੱਕਵੀਂ ਹੈ। ਇਸ ਦਾ ਔਸਤਨ ਕੱਦ 101 ਸੈਂਟੀਮੀਟਰ ਹੈ ਤੇ ਇਹ ਕਿਸਮ ਪੱਕਣ ਲਈ ਤਕਰੀਬਨ 158 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਦਾਣੇ ਬਾਕੀ ਸਾਰੀਆਂ ਕਿਸਮਾਂ ਨਾਲੋਂ ਮੋਟੇ ਹਨ। ਇਸ ਦੀ ਬਿਜਾਈ ਲਈ 45 ਕਿੱਲੋ ਬੀਜ ਪ੍ਰਤੀ ਏਕੜ ਵਰਤਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੀ. ਬੀ. ਡਬਲਯੂ 824 (2021) : ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ ਤੇ ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 803 (2021) : ਇਹ ਕਿਸਮ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ ਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 824 (2021) : ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।
ਸੁਨਿਹਰੀ ਪੀ. ਬੀ. ਡਬਲਯੂ 766 (2020) : ਇਸ ਦਾ ਔਸਤਨ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 155 ਦਿਨ ਲੈਂਦੀ ਹੈ। ਇਹ ਭੂਰੀ ਕੁੰਗੀ ਤੋਂ ਰਹਿਤ ਹੈ ਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 1 ਚਪਾਤੀ (2020) : ਇਹ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਲਈ ਵਧੀਆ ਕਿਸਮ ਹੈ। ਇਸ ਦੀ ਬਣੀ ਰੋਟੀ ਰੰਗ ਵਿਚ ਚਿੱਟੀ, ਸੁਆਦ ਵਿਚ ਮਿੱਠੀ, ਲੰਬੇ ਸਮੇਂ ਤਕ ਨਰਮ ਤੇ ਤਾਜ਼ੀ ਰਹਿੰਦੀ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ। ਇਹ ਕਿਸਮ 154 ਦਿਨਾਂ ਵਿਚ ਪੱਕਦੀ ਹੈ। ਇਹ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ ਤੇ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ।
ਡੀ. ਬੀ. ਡਬਲਯੂ 222 (2020) : ਇਸ ਕਿਸਮ ਦੀ ਸਿਫ਼ਾਰਸ਼ ਨੀਮ ਪਹਾੜੀ ਇਲਾਕਿਆਂ ਨੁੰ ਛੱਡ ਕੇ ਬਾਕੀ ਸਾਰੇ ਪੰਜਾਬ ਲਈ ਕੀਤੀ ਗਈ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ ਤੇ ਇਹ ਕਿਸਮ ਤਕਰੀਬਨ 152 ਦਿਨਾਂ ਵਿਚ ਪੱਕਦੀ ਹੈ। ਇਹ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ ਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਲਈ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤਨ ਝਾੜ 22.3 ਕੁਇੰਟਲ ਪ੍ਰਤੀ ਏਕੜ ਹੈ।
ਡੀ. ਬੀ. ਡਬਲਯੂ 187 (2020) : ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 153 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ।
ਐੱਚ. ਡੀ. 3226(2020) : ਇਸ ਦਾ ਔਸਤਨ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 21.9 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀ. ਬੀ. ਡਬਲਯੂ 343 (2017) : ਇਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ।
ਉੱਨਤ ਪੀ. ਬੀ. ਡਬਲਯੂ 550 (2017) : ਇਸ ਦਾ ਔਸਤਨ ਕੱਦ 86 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 145 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਲੈ ਕੇ ਚੌਥੇ ਹਫ਼ਤੇ ਤਕ 45 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪੀ. ਬੀ. ਡਬਲਯੂ 1 ਜ਼ਿੰਕ (2017) : ਇਸ ਕਿਸਮ ਦੇ ਦਾਣਿਆਂ ’ਚ ਜ਼ਿੰਕ ਦੀ ਮਾਤਰਾ ਵੱਧ ਹੈ, ਜੋ ਕਿ ਮਨੁੱਖੀ ਖ਼ੁਰਾਕ ਲਈ ਬਹੁਤ ਜ਼ਰੂਰੀ ਤੱਤ ਹੈ। ਇਸ ਦਾ ਔਸਤਨ ਕੱਦ 103 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 151 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਦਰਮਿਆਨੇ ਪੱਧਰ ’ਤੇ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 725 (2015) : ਇਸ ਦਾ ਔਸਤਨ ਕੱਦ 105 ਸੈਂਟੀਮੀਟਰ ਹੈ । ਇਹ ਕਿਸਮ ਤਕਰੀਬਨ 154 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਢੁੱਕਵੀਂ ਹੈ।
ਪੀ. ਬੀ. ਡਬਲਯੂ 677(2015) : ਇਸ ਦਾ ਔਸਤਨ ਕੱਦ 107 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 157 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਾਪਲਰ ਹੇਠ ਬੀਜਣ ਲਈ ਢੁੱਕਵੀਂ ਹੈ।
ਐੱਚ.ਡੀ. 3086 (2015): ਇਸ ਦਾ ਔਸਤਨ ਕੱਦ 96 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 156 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ।
ਡਬਲਯੂ. ਐੱਚ. 1105 (2014) : ਇਸ ਦਾ ਔਸਤਨ ਕੱਦ 97 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 157 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਤੇ ਭੂਰੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ।
ਗ਼ੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਤੋਂ ਕਰੋ ਗੁਰੇਜ਼
ਕਿਸਾਨ ਵੀਰਾਂ ਨੰੂ ਜਾਗਰੂਕ ਕੀਤਾ ਜਾਂਦਾ ਹੈ ਕਿ ਕਣਕ ਦੀਆਂ ਨਵੀਆਂ ਕਿਸਮਾਂ (ਪੀ. ਬੀ. ਡਬਲਯੂ 869, ਪੀ. ਬੀ. ਡਬਲਯੂ 824, ਪੀ. ਬੀ. ਡਬਲਯੂ 803 )ਦਾ ਬੀਜ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੀਜ ਕੇਂਦਰ ਜਾਂ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਹੀ ਸੀਮਤ ਮਾਤਰਾ ’ਚ ਖ਼ਰੀਦਿਆ ਜਾਵੇ। ਇਸ ਬੀਜ ਤੋਂ ਕਾਸ਼ਤ ਦੌਰਾਨ ਫ਼ਸਲ ਦੀ ਵਧੀਆ ਤਰੀਕੇ ਨਾਲ ਸਾਂਭ- ਸੰਭਾਲ ਕਰ ਕੇ ਕਿਸਾਨ ਵੀਰ ਆਪਣਾ ਘਰ ਦਾ ਖ਼ਾਲਸ ਬੀਜ ਤਿਆਰ ਕਰ ਸਕਦੇ ਹਨ। ਕਿਸਾਨ ਵੀਰ ਇਹ ਧਿਆਨ ਜ਼ਰੂਰ ਰੱਖਣ ਕਿ ਸਾਰਾ ਰਕਬਾ ਇੱਕੋ ਕਿਸਮ ਥੱਲੇ ਨਾ ਲਿਆਂਦਾ ਜਾਵੇ, ਜੋ ਕਿ ਪੀਲੀ ਕੁੰਗੀ ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਕਾਰਨ ਬਣਦਾ ਹੈ। ਪੁਰਾਣੀਆਂ ਕਿਸਮਾਂ ਪੀ. ਬੀ. ਡਬਲਯੂ 343 ਤੇ ਪੀ. ਬੀ. ਡਬਲਯੂ 550 ਦੇ ਖ਼ਤਮ ਹੋਣ ਦਾ ਮੁੱਖ ਕਾਰਨ ਕਣਕ ਦੀ ਕਾਸ਼ਤ ਦੇ ਕੁੱਲ ਰਕਬੇ ’ਚੋਂ ਇਨ੍ਹਾਂ ਦੋ ਕਿਸਮਾਂ ਹੇਠ (ਮੋਨੋਕਲਚਰ) ਜ਼ਿਆਦਾ ਰਕਬੇ ਦਾ ਹੋਣਾ ਸੀ। ਸੋ ਇਸ ਲਈ ਕਿਸਾਨ ਵੀਰ ਆਪਣੇ ਕੁੱਲ ਵਾਹੀਯੋਗ ਰਕਬੇ ’ਚੋਂ ਕਣਕ ਦੀ ਕਾਸ਼ਤ ਅਧੀਨ ਰਕਬੇ ’ਚ ਵੰਡ ਵਰਤ ਕੇ ਵੱਖ- ਵੱਖ ਕਿਸਮਾਂ ਦੀ ਬਿਜਾਈ ਕਰਨਾ ਯਕੀਨੀ ਬਣਾਉਣ। ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਣਕ ਦੀਆਂ ਜ਼ਿਆਦਾ ਪੁਰਾਣੀਆਂ ਕਿਸਮਾਂ ਜਿਨ੍ਹਾਂ ’ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ ਜਿਵੇਂ ਐੱਚ. ਡੀ. 2967 ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਤੇ ਕੇਵਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਹੀ ਬੀਜੀਆਂ ਜਾਣ। ਗ਼ੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ।
ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ਸ਼ੁਦਾ ਕਣਕ ਦੀਆਂ ਕਿਸਮਾਂ ਦੇ ਬੀਜ ਸਰਕਾਰੀ/ ਅਰਧ ਸਰਕਾਰੀ ਸੰਸਥਾਵਾਂ ਪਾਸੋਂ ਖ਼ਰੀਦ ਕਰ ਕੇ ਪੱਕਾ ਬਿੱਲ ਲੈਣ ਉਪਰੰਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਾਸੋਂ ਐਗਰੀ ਮਸ਼ੀਨਰੀ ਪੀਬੀ ਡਾਟ ਕਾਮ ((agrimachinerypb.com)) ਪੋਰਟਲ ’ਤੇ ਆਨਲਾਈਨ ਅਰਜ਼ੀ ਅਪਲਾਈ ਕਰ ਕੇ 1000 ਰੁਪਏ ਪ੍ਰਤੀ ਕੁਇੰਟਲ ਬੀਜ ਦੇ ਹਿਸਾਬ ਨਾਲ ਸਬਸਿਡੀ ਪ੍ਰਾਪਤ ਕਰ ਸਕਦੇ ਹਨ।
ਸੇਂਜੂ ਹਾਲਤਾਂ ਵਿਚ ਪਛੇਤੀ ਬਿਜਾਈ ਲਈ
ਪੀ. ਬੀ. ਡਬਲਯੂ 771 (2020) : ਇਸ ਦਾ ਔਸਤਨ ਕੱਦ 80 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 133 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 757 (2020) : ਇਸ ਦੀ ਬਿਜਾਈ ਅੱਧ ਜਨਵਰੀ ਤਕ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਕੱਦ 82 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 114 ਦਿਨਾਂ ’ਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 15.8 ਕੁਇੰਟਲ ਪ੍ਰਤੀ ਏਕੜ ਹੈ।
ਪੀ. ਬੀ. ਡਬਲਯੂ 752 (2019) : ਇਸ ਦਾ ਔਸਤ ਕੱਦ 89 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 130 ਦਿਨਾਂ ਵਿਚ ਪੱਕਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤਕ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਦਾ ਔਸਤਨ ਝਾੜ 19.2 ਕੁਇੰਟਲ ਪ੍ਰਤੀ ਏਕੜ ਹੈ।