ਸਰਕਾਰੀ ਗਲੀ ‘ਤੇ ਕਬਜ਼ਾ ਕਰਨ ਦੇ ਮਾਮਲੇ ‘ਚ ਕਾਰਵਾਈ ਨਾ ਹੋਣ ‘ਤੇ ਮੁੜ ਟੈਂਕੀ ‘ਤੇ ਚੜ੍ਹੇ ਪੰਚਾਇਤ ਮੈਂਬਰ
ਬਰਨਾਲਾ : ਨੇੜਲੇ ਪਿੰਡ ਕੈਰੇ ਵਿਖੇ ਸਰਕਾਰੀ ਗਲੀ ‘ਤੇ ਕਬਜ਼ਾ ਕਰਨ ਦੇ ਮਾਮਲੇ ‘ਚ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਖ਼ਫ਼ਾ ਪੰਚਾਇਤ ਮੈਂਬਰ ਬੁੱਧਵਾਰ ਨੂੰ ਵੀ ਟੈਂਕੀ ‘ਤੇ ਡਟੇ ਰਹੇ। ਦੂਜੇ ਪਾਸੇ ਸਰਪੰਚ ਸਣੇ ਹੋਰ ਮੈਂਬਰ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪਾਣੀ ਵਾਲੀ ਟੈਂਕੀ ਦੇ ਹੇਠਾਂ ਧਰਨੇ ‘ਤੇ ਡਟੇ ਰਹੇ। ਪੰਚਾਇਤ ਮੈਂਬਰ ਪਰਮਜੀਤ ਸਿੰਘ ਕੈਰੇ ਤੇ ਪਰਗਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਵਿਅਕਤੀ ਵੱਲੋਂ ਸਰਕਾਰੀ ਗਲੀ ‘ਤੇ ਨਾਜਾਇਜ਼ ਢੰਗ ਨਾਲ ਕਬਜ਼ਾ ਕੀਤਾ ਗਿਆ ਸੀ। ਇਸ ਸਬੰਧੀ ਸਮੂਹ ਪੰਚਾਇਤ ਵੱਲੋਂ ਪੁਲਿਸ ਪ੍ਰਸ਼ਾਸਨ ਸਣੇ ਸਿਵਲ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਸੀ। ਮਾਮਲੇ ਦੀ ਕਾਰਵਾਈ ਐੱਸ ਡੀ ਐੱਮ ਵੱਲੋਂ ਕਰਨ ਦੇ ਅਧਾਰ ‘ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਪਿਛਲੇ ਦਿਨੀਂ ਪਹਿਲਾ ਮਾਮਲਾ ਦਰਜ ਕੀਤਾ ਸੀ, ਪਰ ਬੀਤੀ ਰਾਤ ਮੁਲਜ਼ਮ ਵਿਅਕਤੀ ਵੱਲੋਂ ਗਲੀ ‘ਚ ਮੁੜ੍ਹ ਆਪਣਾ ਕਬਜ਼ਾ ਵਧਾਉਂਦਿਆਂ ਕੰਧ ਕੱਢਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪਰ ਪੁਲਿਸ ਨੇ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਦੁਖੀ ਹੋ ਕੇ ਉਹ ਟੈਂਕੀ ‘ਤੇ ਚੜ੍ਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਇਸ ਕਬਜ਼ੇ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਟੈਂਕੀ ਤੋਂ ਹੇਠਾਂ ਨਹੀਂ ਉੱਤਰਣਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਾਇਬ ਤਹਿਸੀਲਦਾਰ ਆਸ਼ੂ ਜੋਸ਼ੀ ਨੇ ਮੌਕੇ ‘ਤੇ ਪੁੱਜ ਕੇ ਟੈਂਕੀ ‘ਤੇ ਚੜ੍ਹੇ ਪੰਚਾਇਤ ਮੈਂਬਰਾਂ ਤੇ ਮਹਿਲਾ ਸਰਪੰਚ ਨੂੰ ਕਬਜ਼ਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ, ਗਲੀ ਚੋਂ ਕੱਢੀ ਕੰਧ ਨੂੰ ਡਿਗਾਉਣ ਦਾ ਭਰੋਸਾ ਦਵਾਇਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਪੰਚਾਇਤ ਮੈਂਬਰ ਮੁੜ ਟੈਂਕੀ ‘ਤੇ ਚੜ੍ਹ ਗਏ।