ਮਹਿਲਾ ਕਲਾਂ ਫੇਰੀ ਦੌਰਾਨ ਚੰਨੀ ਨੂੰ ਬਿਜਲੀ ਕਾਮਿਆਂ ਦਿਖਾਈਆਂ ਕਾਲੀ ਝੰਡੀਆਂ ਤੇ ਟੈੱਟ ਪਾਸ ਅਧਿਆਪਕਾਂ ਲਾਏ ਨਾਅਰੇ
ਮਹਿਲ ਕਲਾਂ : ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮਹਿਲ ਕਲਾਂ (ਬਰਨਾਲਾ) ਫੇਰੀ ਮੌਕੇ ਜਿੱਥੇ ਠੇਕਾ ਆਧਾਰਤ ਬਿਜਲੀ ਕਾਮਿਆਂ ਵੱਲੋਂ ਉਨ੍ਹਾਂ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਉਥੇ ਹੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਭਰੇ ਪੰਡਾਲ ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਦਾ ਕਾਫ਼ਲਾ ਜਿਉਂ ਹੀ ਮਾਲਵਾ ਨਰਸਿੰਗ ਕਾਲਜ ਆਫ ਮਹਿਲ ਕਲਾਂ ਤੋਂ ਅਨਾਜ ਮੰਡੀ ਲਈ ਰਵਾਨਾ ਹੋਇਆ ਤਾਂ ਰਸਤੇ ‘ਚ ਬੇਰੁਜ਼ਗਾਰ ਬਿਜਲੀ ਕਾਮਿਆਂ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਭਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਮਿਆਂ ਨੂੰ ਨੇੜੇ ਦੀਆਂ ਦੁਕਾਨਾਂ ‘ਚ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਨਾਜ ਮੰਡੀ ਮਹਿਲ ਕਲਾਂ ਚ ਭਰੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਫਟਕਣ ਦਿੱਤਾ ਗਿਆ।