CM ਚੰਨੀ ਦੇ ਪਹੁੰਚਣ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ, ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹਿਆ ਅਧਿਆਪਕ
ਤਪਾ ਮੰਡੀ : ਅੱਜ ਦੁਪਹਿਰ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਪਾ ਵਿਖੇ ਕੀਤੀ ਜਾ ਰਹੀ ਰੈਲੀ ਤੋਂ ਪਹਿਲਾਂ ਉਸ ਸਮੇਂ ਸ਼ਹਿਰ ਅੰਦਰ ਇਕ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕੱਚੇ ਅਧਿਆਪਕਾਂ ਨੇ ਬਾਜ਼ਾਰ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅੰਦਰਲੇ ਬੱਸ ਸਟੈਂਡ ‘ਤੇ ਬਣੇ ਟੈਕਸੀ ਯੂਨੀਅਨ ‘ਚ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ। ਇਸ ਦੀ ਖਬਰ ਸੁਣਦੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਇਕ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹ ਗਿਆ।
ਜਾਣਕਾਰੀ ਦਿੰਦੇ ਹੋਏ ਸਟੇਟ ਆਗੂ ਗੁਰਜੀਤ ਸਿੰਘ ਉਗੋਕੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਸਿਰਫ਼ ਐਲਾਨ ਕਰਨਾ ਹੀ ਜਾਣਦੇ ਹਨ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ, ਉਹ ਨੀਰਾ ਝੂਠ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 165 ਦਿਨਾਂ ਤੋਂ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜਦੋਂ ਉਹ ਮੋਰਿੰਡੇ ਚੰਨੀ ਦੀ ਕੋਠੀ ਦਾ ਘਿਰਾਓ ਕਰਨ ਲਈ ਗਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਮਹਿਲਾ ਅਧਿਆਪਕਾਂ ਦੀਆਂ ਗੁੱਤਾਂ ਪੁੱਟੀਆਂ ਗਈਆਂ। ਉਨ੍ਹਾਂ ਕਿਹਾ ਕਿ ਚੰਨੀ ਵੱਲੋਂ 26 ਨਵੰਬਰ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਪਰ ਐਨ ਮੌਕੇ ‘ਤੇ ਆ ਕੇ ਮੀਟਿੰਗ ਕਰਨ ਤੋਂ ਜਵਾਬ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਪ੍ਰਸ਼ਾਸਨ ਸਾਨੂੰ ਲਿਖਤੀ ਰੂਪ ‘ਚ ਮੀਟਿੰਗ ਨਹੀਂ ਦਿੰਦਾ, ਉਦੋਂ ਤਕ ਅਧਿਆਪਕ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ। ਉਨ੍ਹਾਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਵਿਸ਼ਵਾਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਮਹਿਜ਼ ਸਿਰਫ਼ 6 ਹਜ਼ਾਰ ਰੁਪਏ ਮਹੀਨੇ ‘ਤੇ ਕੰਮ ਕਰ ਰਹੇ ਹਨ। ਇਸ ਮੌਕੇ ਕਰਮ ਸਿੰਘ ਫ਼ਰੀਦਕੋਟ, ਸੁਖਦੀਪ ਕੌਰ ਜ਼ਿਲ੍ਹਾ ਆਗੂ, ਖ਼ੁਸ਼ਹਾਲ ਕੌਰ ਜ਼ਿਲ੍ਹਾ ਆਗੂ, ਗੁਰਲਾਭ ਕੌਰ ਬਲਾਕ ਪ੍ਰਧਾਨ, ਬੀਰਪਾਲ ਤਪਾ, ਸੁਨੈਨਾ ਤਪਾ, ਰਾਜ ਕੌਰ ਤਪਾ, ਮਹਿੰਦਰਪਾਲ, ਬੀਰਪਾਲ ਭੂਰੇ ਕੁੱਬੇ ਆਦਿ ਹਾਜ਼ਰ ਸਨ। ਧਰਨਾਕਾਰੀ ਅਧਿਆਪਕਾਂ ਨੂੰ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਦਿਖਾਈ ਦਿੱਤੇ।