ਵੱਡੀ ਮਾਤਰਾ ’ਚ ਹੈਰੋਇਨ ਤੇ ਨਾਜਾਇਜ਼ ਅਸਲੇ ਨਾਲ ਦੋ ਔਰਤਾਂ ਸਣੇ 7 ਗ੍ਰਿਫ਼ਤਾਰ
ਬਰਨਾਲਾ : ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਵੱਡੀ ਮਾਤਰਾ ’ਚ ਹੈਰੋਇਨ ਤੇ ਨਾਜਾਇਜ਼ ਅਸਲੇ ਨਾਲ ਦੋ ਔਰਤਾਂ ਸਣੇ ਕੁੱਲ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਸਰੋਆ ਐੱਸਪੀ (ਡੀ) ਨੇ ਦੱਸਿਆ ਕਿ 28 ਨਵੰਬਰ ਨੂੰ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਬਰਨਾਲਾ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਣੀ ਕੌਰ ਪਤਨੀ ਪਿੱਲਾ ਸਿੰਘ, ਦਿਲਬਾਗ ਸਿੰਘ ਪੁੱਤਰ ਪਿੱਲਾ ਸਿੰਘ ਵਾਸੀਆਨ ਝੂਰੜ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਜਨੀ ਬਾਲਾ ਉਰਫ਼ ਰੋਜ਼ੀ ਪਤਨੀ ਜਗਸੀਰ ਸਿੰਘ, ਜਗਸੀਰ ਸਿੰਘ ਪੁੱਤਰ ਲਾਲ ਸਿੰਘ ਵਾਸੀਆਨ ਭੀਖੀ ਜ਼ਿਲ੍ਹਾ ਮਾਨਸਾ ਬਾਹਰੀ ਰਾਜਾਂ ’ਚੋਂ ਹੈਰੋਇਨ ਲਿਆ ਕੇ ਬਰਨਾਲਾ, ਮਾਨਸਾ, ਬਠਿੰਡਾ ਦੇ ਏਰੀਆ ’ਚ ਸਪਲਾਈ ਕਰਦੇ ਹਨ, ਜਿਹਨਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਥਾਣਾ ਧਨੌਲਾ ਦਰਜ ਕੀਤਾ ਗਿਆ।
ਜਾਣਕਾਰੀ ਮੁਤਾਬਕ ਏਐੱਸਆਈ ਕੁਲਦੀਪ ਸਿੰਘ ਸੀਆਈਏ ਸਟਾਫ ਬਰਨਾਲਾ ਨੇ ਹਰਿਆਣਾ ਨੰਬਰੀ ਕਾਰ ਸਵਾਰ ਰਾਣੀ ਕੌਰ, ਦਿਲਬਾਗ ਸਿੰਘ, ਰਜਨੀ ਬਾਲਾ ਤੇ ਜਗਸੀਰ ਸਿੰਘ ਨੂੰ ਬਰਨਾਲਾ-ਧਨੌਲਾ ਮੇਨ ਰੋਡ ਤੋਂ ਲਿੰਕ ਰੋਡ ਰਾਜਗੜ੍ਹ ਤੋਂ ਗ੍ਰਿਫ਼ਤਾਰ ਕਰ ਕੇ ਇਹਨਾਂ ਦੇ ਕਬਜ਼ੇ ’ਚੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਇਹਨਾਂ ਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਹੈਰੋਇਨ ਤੇ ਨਾਜਾਇਜ਼ ਅਸਲੇ ਨਾਲ ਦੋ ਔਰਤਾਂ ਸਣੇ 7 ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਸਰੋਆ ਐੱਸਪੀ (ਡੀ) ਨੇ ਦੱਸਿਆ ਕਿ ਬੀਤੀ 25 ਨਵੰਬਰ ਨੂੰ ਥਾਣੇਦਾਰ ਸਰੀਫ਼ ਖ਼ਾਨ ਸੀਆਈਏ ਸਟਾਫ ਬਰਨਾਲਾ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਘੁੱਕੀ ਸਿੰਘ, ਮਨਦੀਪ ਸਿੰਘ ਉਰਫ਼ ਕਾਲੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਕਲਿਆਣ ਤੇ ਹਰਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਹੋਲੀ ਖੁਰਦ ਜ਼ਿਲ੍ਹਾ ਮਲੇਰਕੋਟਲਾ ਬਾਹਰੋਂ ਹੈਰੋਇਨ ਤੇ ਨਾਜਾਇਜ਼ ਅਸਲਾ ਲਿਆ ਕੇ ਜ਼ਿਲ੍ਹਾ ਬਰਨਾਲਾ ’ਚ ਸਪਲਾਈ ਕਰਦੇ ਹਨ, ਜਿਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਤੇ ਆਰਮਜ਼ ਐਕਟ ਅਧੀਨ ਥਾਣਾ ਠੁੱਲੀਵਾਲ ’ਚ ਦਰਜ ਕੀਤਾ ਗਿਆ। ਇਹਨਾਂ ਤਿੰਨਾਂ ਨੂੰ ਪਿੰਡ ਕਰਮਗੜ ਦੀ ਲਿੰਕ ਰੋਡ ਤੋਂ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਇਕ ਪਿਸਤੌਲ 32 ਬੋਰ ਦੇਸੀ, ਇਕ ਪਿਸਤੌਲ 315 ਬੋਰ ਦੇਸੀ, 2 ਕਾਰਤੂਸ 315 ਬੋਰ ਜਿੰਦਾ ਤੇ 30 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਨ੍ਹਾਂ ਦਾ ਪੁਲਿਸ ਰਿਮਾਂਡ 30 ਨਵੰਬਰ ਤਕ ਹਾਸਲ ਕੀਤਾ ਗਿਆ ਹੈ। ਜਿੰਨਾ ਤੋਂ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀ ਜਾਵੇਗਾ : ਐੱਸਐੱਸਪੀ
ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਇਤਲਾਹ ਮਿਲਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਜਲਦ ਤੋਂ ਜਲਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸ਼ਰਾਰਤੀ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਸਖ਼ਤ ਲਹਿਜ਼ੇ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਬਾਜ਼ ਆਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ।