32 ਸਾਲ ਬਾਅਦ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ ਟੈਸਟ ਮੈਚ
ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਮੈਚ ਖੇਡਣ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਆਖਰੀ ਟੈਸਟ ਮੈਚ ਇਸ ਮੈਦਾਨ ‘ਤੇ ਸਾਲ 1988 ‘ਚ ਖੇਡਿਆ ਗਿਆ ਸੀ। ਉਸ ਦੇ 32 ਸਾਲ ਬਾਅਦ ਹੁਣ ਦੋਵੇਂ ਟੀਮਾਂ ਇਕ ਵਾਰ ਫਿਰ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਟੈਸਟ ਮੈਚ ਇਸ ਮੈਦਾਨ ‘ਤੇ ਸਾਲ 1976 ‘ਚ ਖੇਡਿਆ ਗਿਆ ਸੀ। ਭਾਰਤ ਨੂੰ ਪਹਿਲੇ ਟੈਸਟ ਮੈਚ ‘ਚ 162 ਦੌੜਾਂ ਨਾਲ ਹਾਰ ਮਿਲੀ ਸੀ, ਜਦਕਿ ਦੂਜੇ ਟੈਸਟ ਮੈਚ (1988) ‘ਚ ਮਹਿਮਾਨ ਟੀਮ ਨਿਊਜ਼ੀਲੈਂਡ ਨੇ 136 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਯਾਨੀ ਇਸ ਮੈਦਾਨ ‘ਤੇ ਦੋਵੇਂ ਟੀਮਾਂ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਚੁੱਕੀਆਂ ਹਨ।
ਵਾਨਖੇੜੇ ਸਟੇਡੀਅਮ ‘ਚ ਟੀਮ ਇੰਡੀਆ ਦਾ ਟੈਸਟ ਰਿਕਾਰਡ
ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ ਵਾਨਖੇੜੇ ਸਟੇਡੀਅਮ ਵਿੱਚ 1975 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ, ਜਿਸ ਵਿੱਚ ਟੀਮ ਇੰਡੀਆ 201 ਦੌੜਾਂ ਨਾਲ ਹਾਰ ਗਈ ਸੀ। ਟੀਮ ਇੰਡੀਆ ਨੇ ਇਸ ਮੈਦਾਨ ‘ਤੇ ਹੁਣ ਤੱਕ ਕੁੱਲ 25 ਟੈਸਟ ਮੈਚ ਖੇਡੇ ਹਨ। ਇਨ੍ਹਾਂ ‘ਚ ਭਾਰਤੀ ਕ੍ਰਿਕਟ ਟੀਮ ਨੇ 11 ਵਾਰ ਜਿੱਤ ਦਰਜ ਕੀਤੀ ਹੈ, 7 ਮੈਚ ਹਾਰੇ ਹਨ ਜਦਕਿ 7 ਮੈਚ ਡਰਾਅ ‘ਤੇ ਖ਼ਤਮ ਹੋਏ ਹਨ। ਯਾਨੀ ਇੱਥੇ ਟੀਮ ਇੰਡੀਆ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ।
ਇਸ ਮੈਦਾਨ ‘ਤੇ ਖੇਡੇ ਗਏ ਆਖ਼ਰੀ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ 136 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਅਜਿਹੇ ‘ਚ ਕੇਨ ਵਿਲੀਅਮਸਨ ਦੀ ਟੀਮ ਯਕੀਨੀ ਤੌਰ ‘ਤੇ ਉਸ ਜਿੱਤ ਤੋਂ ਪ੍ਰੇਰਨਾ ਲੈ ਕੇ ਭਾਰਤ ਨੂੰ ਸਖ਼ਤ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਵੈਸੇ, ਇੱਥੇ ਭਾਰਤ ਨੂੰ ਸਾਲ 2006 ਵਿੱਚ ਇੰਗਲੈਂਡ ਦੇ ਹੱਥੋਂ ਟੈਸਟ ਵਿੱਚ ਆਖਰੀ ਹਾਰ ਮਿਲੀ ਸੀ ਅਤੇ ਉਸ ਤੋਂ ਬਾਅਦ ਭਾਰਤ ਨੂੰ ਹਾਰ ਨਹੀਂ ਮਿਲੀ ਸੀ। 2011 ਵਿੱਚ ਭਾਰਤ ਨੇ ਇੱਥੇ ਵੈਸਟਇੰਡੀਜ਼ ਖ਼ਿਲਾਫ਼ ਡਰਾਅ ਖੇਡਿਆ ਸੀ ਜਦਕਿ 2012 ਵਿੱਚ ਉਸ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸਾਲ 2013 ‘ਚ ਵੈਸਟਇੰਡੀਜ਼ ਨੂੰ ਇਕ ਪਾਰੀ ਅਤੇ 126 ਦੌੜਾਂ ਨਾਲ ਹਰਾਇਆ ਸੀ, ਜਦਕਿ ਸਾਲ 2016 ‘ਚ ਉਸ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 36 ਦੌੜਾਂ ਨਾਲ ਹਰਾਇਆ ਸੀ।