ਖਿਡਾਰੀ ਵਜੀਰ ਸਿੰਘ ਨੂੰ ਕੀਤਾ ਸਨਮਾਨਿਤ
ਸ਼ਹਿਣਾ, ਵੀਰਵਾਰ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਤੇ ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਕਸਬਾ ਸ਼ਹਿਣਾ ਦੇ ਗੋਲਡ ਮੈਡਲ ਜੇਤੂ ਖਿਡਾਰੀ ਵਜੀਰ ਸਿੰਘ ਦਾ ਸਨਮਾਨ ਕੀਤਾ। ਇਸ ਸਮੇਂ ਬੀਬੀ ਸਹੋਤਾ ਨੇ ਕਿਹਾ ਕਿ ਖਿਡਾਰੀ ਵਜੀਰ ਸਿੰਘ ਭਾਂਵੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਹੈ, ਪਰ ਇਕ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਉਨਾਂ੍ਹ ਕਿਹਾ ਕਿ ਜੇ ਖਿਡਾਰੀ ਵਜੀਰ ਸਿੰਘ ਨੂੰ ਖੇਡਾਂ ਦੀ ਅਭਿਆਸ ਲਈ ਇਕ ਪਲੇਟਫਾਰਮ ਮਿਲ ਜਾਵੇ ਤਾਂ ਉਹ ਪੰਜਾਬ ਦਾ ਨਾਮ ਦੁਨੀਆਂ ‘ਚ ਰੌਸ਼ਨ ਕਰ ਸਕਦਾ ਹੈ। ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਕਿਹਾ ਕਿ ਖਿਡਾਰੀ ਵਜੀਰ ਸਿੰਘ ਕਸਬਾ ਸ਼ਹਿਣਾ ਦੇ ਨੌਜਵਾਨਾਂ ਨੂੰ ਖੇਡਾਂ ਦੀ ਮੁਫਤ ਕੋਚਿੰਗ ਤੇ ਟੇ੍ਨਿੰਗ ਦੇਣ ਲਈ ਸਖਤ ਮਿਹਨਤ ਕਰ ਰਿਹਾ ਹੈ ਤਾਂ ਕਿ ਖਿਡਾਰੀ ਖੇਡਾਂ ਨਾਲ ਜੁੜੇ ਰਹਿਣ। ਉਨਾਂ੍ਹ ਕਿਹਾ ਕਿ ਖੇਡਾਂ ਪ੍ਰਤੀ ਰੁਚੀ ਰੱਖਣ ਵਾਲੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਹਰ ਸੰਬਵ ਯਤਨ ਕੀਤੇ ਜਾਣੇ ਬਹੁਤ ਜਰੂਰੀ ਹੈ। ਖਿਡਾਰੀ ਵਜੀਰ ਸਿੰਘ ਨੇ ਕਿਹਾ ਕਿ ਮਈ-ਜੂਨ 2022 ‘ਚ ਅੰਤਰਰਾਸ਼ਟਰੀ ਪੱਧਰੀ ਖੇਡਾਂ, ਜੋ ਜਪਾਨ ‘ਚ ਹੋਣੀਆਂ ਹਨ, ‘ਚ ਭਾਂਵੇ ਉਸ ਦੀ ਐਂਟਰੀ ਹੋ ਚੁੱਕੀ ਹੈ। ਪਰ ਜਿੱਤ ਯਕੀਨੀ ਬਨਾਉਣ ਲਈ ਵੱਡੀ ਪੱਧਰ ‘ਤੇ ਤਿਆਰੀ ਕਰਨ ਦੀ ਲੋੜ ਹੈ। ਖਿਡਾਰੀ ਵਜੀਰ ਸਿੰਘ ਨੇ ‘ਪੰਜਾਬੀ ਜਾਗਰਣ’ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।