Feature NewshealthRecent News

ਕੰਪਨੀ ਵਲੋਂ ਦਿੱਤਾ ਕਣਕ ਦਾ ਬੀਜ ਹਰਾ ਨਾ ਹੋਣ ‘ਤੇ ਕਿਸਾਨਾਂ ਨੇ ਫ਼ਸਲ ਦੁਬਾਰਾ ਬੀਜੀ

ਸ਼ਹਿਣਾ,  ਪਨਸੀਡ ਕੰਪਨੀ ਵਲੋਂ ਖੇਤੀਬਾੜੀ ਦਫ਼ਤਰ ਸ਼ਹਿਣਾ ਰਾਹੀਂ ਕਣਕ ਦਾ ਦਿੱਤਾ ਗਿਆ ਬੀਜ ਹਰਾ ਨਾ ਹੋਣ ‘ਤੇ 100 ਏਕੜ ਦੇ ਕਰੀਬ ਕਿਸਾਨਾਂਨੂੰੇ ਜ਼ਮੀਨ ਵਾਹ ਕੇ ਫ਼ਸਲ ਦੁਬਾਰਾ ਬੀਜਣ ਲਈ ਮਜਬੂਰ ਹੋਣਾ ਪਿਆ | ਸ਼ਹਿਣਾ ਦੇ ਗੁਰਮੀਤ ਸਿੰਘ ਫ਼ੌਜੀ, ਅਸ਼ੋਕ ਭੰਗਰੀਆ, ਪੰਚ ਜਤਿੰਦਰ ਸਿੰਘ ਖਹਿਰਾ, ਮਲਕੀਤ ਸਿੰਘ ਭੰਗਰੀਆ, ਬਿੱਟੂ ਦਾਸ ਮਹੰਤ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਿਸਾਨਾਂ ਨੇ ਪਨਸੀਡ ਕੰਪਨੀ ਵਲੋਂ ਖੇਤੀਬਾੜੀ ਦਫ਼ਤਰ ਸ਼ਹਿਣਾ ਰਾਹੀਂ ਕਣਕ ਦਾ 222 ਬੀਜ ਖ਼ਰੀਦ ਕੇ ਬਿਜਾਈ ਕੀਤੀ ਸੀ, ਪਰ ਕਣਕ ਦੀ ਫ਼ਸਲ ਤਿੰਨ ਹਫ਼ਤਿਆਂ ਬਾਅਦ ਵੀ ਹਰੀ ਨਾ ਹੋਣ ‘ਤੇ ਫ਼ਸਲ ਦੀ ਦੁਬਾਰਾ ਬਿਜਾਈ ਕਰਨੀ ਪਈ | ਇਸ ਬਾਰੇ ਪਨਸੀਡ ਦੇ ਅਧਿਕਾਰੀ ਪਰਮਜੀਤ ਸਿੰਘ ਨਾਲ ਕਿਸਾਨਾਂ ਵਲੋਂ ਵਾਰ-ਵਾਰ ਸੰਪਰਕ ਕਰਨ ‘ਤੇ ਉਨ੍ਹਾਂ ਕੋਈ ਉੱਤਰ ਨਹੀਂ ਦਿੱਤਾ | ਪੀੜਤ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਸੁਪਰ ਸੀਡਰ, ਡਾਈਮੋਨੀਆ ਅਤੇ ਬੀਜ ਦੇ ਖ਼ਰਚ ਤੋਂ ਇਲਾਵਾ ਹੋਰ ਖ਼ਰਚੇ ਪਾ ਕੇ 10 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਪ੍ਰਤੀ ਏਕੜ ਆਰਥਿਕ ਨੁਕਸਾਨ ਹੋਇਆ | ਫ਼ਸਲ ਦੀ ਬਿਜਾਈ ਵੱਖਰੇ ਤੌਰ ‘ਤੇ ਪਛੜ ਗਈ | ਉਨ੍ਹਾਂ ਕਿਹਾ ਕਿ ਇਸ ਕੰਪਨੀ ਵਲੋਂ ਬੀਜ ਖ਼ਰੀਦ ਕੇ ਕਣਕ ਬੀਜਣ ਵਾਲੇ ਹੋਰ ਪੀੜਤ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਮਾੜਾ ਬੀਜ ਦੇਣ ਵਾਲੀ ਕੰਪਨੀ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾ ਸਕੇ | ਇਸ ਸੰਬੰਧੀ ਖੇਤੀਬਾੜੀ ਵਿਭਾਗ ਦੇ ਏ.ਡੀ.ਓ ਗੁਰਚਰਨ ਸਿੰਘ ਨਾਲ ਜਦ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਿਸਾਨਾਂ ਵਲੋਂ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ, ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ |

Leave a Reply

Your email address will not be published. Required fields are marked *