NewsRecent News

ਅਜਿੰਕੇ ਰਹਾਣੇ ਤੇ ਇਸ਼ਾਂਤ ਸ਼ਰਮਾ ਨੂੰ ਪਹਿਲੇ ਟੈਸਟ ਤੋਂ ਬਾਹਰ ਕਰਨ ਲਈ ਟੀਮ ਮੈਨੇਜਮੈਂਟ ਨੇ ਖੇਡੀ ਇਹ ਖੇਡ

 ਭਾਰਤੀ ਟੈਸਟ ਟੀਮ ਵਿਚ ਲੰਬੇ ਸਮੇਂ ਤੋਂ ਖ਼ਰਾਬ ਲੈਅ ਨਾਲ ਗੁਜ਼ਰ ਰਹੇ ਅਜਿੰਕੇ ਰਹਾਣੇ ਤੇ ਇਸ਼ਾਂਤ ਸ਼ਰਮਾ ਨੂੰ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਆਖ਼ਰੀ ਇਲੈਵਨ ਤੋਂ ਸਨਮਾਨਜਨਕ ਤਰੀਕੇ ਨਾਲ ਬਾਹਰ ਕਰਨ ਲਈ ਟੀਮ ਮੈਨੇਜਮੈਂਟ ਨੇ ‘ਸੱਟ’ ਦਾ ਸਹਾਰਾ ਲਿਆ। ਇਸ ਵਿਚਾਲੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੀ ਕੂਹਣੀ ਦੀ ਸੱਟ ਕਾਰਨ ਦੂਜੇ ਟੈਸਟ ‘ਚੋਂ ਬਾਹਰ ਹੋ ਗਏ। ਉਨ੍ਹਾਂ ਦੀ ਥਾਂ ਟਾਮ ਲਾਥਮ ਨੇ ਕਪਤਾਨੀ ਕੀਤੀ। ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਅਧਿਕਾਰਕ ਤੌਰ ‘ਤੇ ਐਲਾਨ ਕੀਤਾ ਕਿ ਰਹਾਣੇ, ਇਸ਼ਾਂਤ ਤੇ ਰਵਿੰਦਰ ਜਡੇਜਾ ਵੱਖੋ-ਵੱਖ ਤਰ੍ਹਾਂ ਦੀਆਂ ਸੱਟਾਂ ਕਾਰਨ ਟੀਮ ‘ਚੋਂ ਬਾਹਰ ਰਹਿਣਗੇ। ਬੀਸੀਸੀਆਈ ਨੇ ਦੱਸਿਆ ਕਿ ਰਹਾਣੇ ਦੇ ਹੈਮਸਟਿ੍ੰਗ (ਮਾਸਪੇਸ਼ੀਆਂ) ਵਿਚ ਖਿਚਾਅ ਹੈ ਜੋ ਕਾਨਪੁਰ ਵਿਚ ਪਹਿਲੇ ਟੈਸਟ ਦੇ ਆਖ਼ਰੀ ਦਿਨ ਫੀਲਡਿੰਗ ਦੌਰਾਨ ਆਇਆ ਸੀ। ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਹਨ ਤੇ ਦੂਜਾ ਟੈਸਟ ਨਹੀਂ ਖੇਡਣਗੇ। ਕਾਨਪੁਰ ਟੈਸਟ 29 ਨਵੰਬਰ ਤਕ ਖੇਡਿਆ ਗਿਆ ਸੀ ਤੇ ਰਹਾਣੇ ਦਿਨ ਦੇ ਪੂਰੇ 90 ਓਵਰ ਤਕ ਫੀਲਡਿੰਗ ਲਈ ਮੈਦਾਨ ‘ਤੇ ਸਨ। ਭਾਰਤੀ ਟੀਮ ਨੇ ਵੀਰਵਾਰ ਨੂੰ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਵਿਚ ਇੰਡੋਰ ਅਭਿਆਸ ਕੀਤਾ ਸੀ ਤੇ ਬੀਸੀਸੀਆਈ ਦੇ ਅਧਿਕਾਰਕ ਟਵਿੱਟਰ ਹੈਂਡਲ ਨੇ ਰਹਾਣੇ ਦੀ ਤਸਵੀਰ ਜਾਰੀ ਕੀਤੀ ਸੀ ਜਿਸ ਵਿਚ ਉਹ ਚਿਹਰੇ ‘ਤੇ ਬੜੀ ਮੁਸਕਰਾਹਟ ਨਾਲ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਸਨ। ਇਸ ਵਿਚ ਉਨ੍ਹਾਂ ਦੇ ਚਿਹਰੇ ‘ਤੇ ਦਰਦ ਵਰਗਾ ਭਾਵ ਨਹੀਂ ਸੀ। ਉਹ ਸ਼ੁੱਕਰਵਾਰ ਨੂੰ ਸਵੇਰੇ ਫੀਲਡਿੰਗ ਦਾ ਅਭਿਆਸ ਕਰਦੇ ਵੀ ਦਿਖਾਈ ਦਿੱਤੇ। ਟੀਮ ਲਈ ਹਾਲਾਂਕਿ ਕਿਸੇ ਅਜਿਹੇ ਖਿਡਾਰੀ ਨੂੰ ਬਾਹਰ ਕਰਨ ਦਾ ਫ਼ੈਸਲਾ ਕਰਨਾ ਮੁਸ਼ਕਲ ਸੀ ਜਿਸ ਨੇ ਪਿਛਲੇ ਮੈਚ ਵਿਚ ਕਪਤਾਨੀ ਕੀਤੀ ਹੋਵੇ ਇਸ ਕਾਰਨ ਉਨ੍ਹਾਂ ਨੂੰ 80 ਟੈਸਟ ਮੈਚ ਦੇ ਤਜਰਬੇਕਾਰ ਖਿਡਾਰੀ ਲਈ ਕਿਸੇ ਸਨਮਾਨਜਨਕ ਤਰੀਕੇ ਨੂੰ ਲੱਭਣਾ ਪਿਆ। ਇਸ਼ਾਂਤ ਦੇ ਮਾਮਲੇ ਵਿਚ ਵੀ ਅਜਿਹੀ ਹੀ ਸਥਿਤੀ ਹੈ। ਕਾਨਪੁਰ ਵਿਚ ਪਹਿਲੇ ਟੈਸਟ ਦੇ ਆਖ਼ਰੀ ਦਿਨ ਉਨ੍ਹਾਂ ਦੀ ਖੱਬੇ ਹੱਥ ਦੀ ਛੋਟੀ ਉਂਗਲੀ ਵਿਚ ਸੱਟ ਲੱਗੀ ਸੀ। ਆਮ ਤੌਰ ‘ਤੇ ਸੀਟੀ ਸਕੈਨ ਜਾਂ ਐੱਮਆਰਆਈ ਰਿਪੋਰਟ ਤੁਰੰਤ ਮਿਲ ਜਾਂਦੀ ਹੈ ਤੇ ਟੀਮ ਪਿਛਲੇ 72 ਘੰਟਿਆਂ ਤੋਂ ਮੁੰਬਈ ਵਿਚ ਹੈ। ਰਹਾਣੇ ਚਾਹੇ ਹੀ ਟੀਮ ਵਿਚ ਆਪਣੀ ਥਾਂ ਮੁੜ ਤੋਂ ਹਾਸਲ ਕਰ ਵੀ ਲੈਣ ਪਰ ਇਸ਼ਾਂਤ ਸ਼ਰਮਾ ਕੀ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਤੇ ਆਵੇਸ਼ ਖ਼ਾਨ ਦੀ ਮੌਜੂਦਗੀ ਵਿਚ ਆਖ਼ਰੀ ਇਲੈਵਨ ਵਿਚ ਥਾਂ ਬਣਾ ਸਕਣਗੇ। ਇਹ ਇਕ ਵੱਡਾ ਸਵਾਲ ਹੈ। ਸਭ ਤੋਂ ਵੱਡਾ ਝਟਕਾ ਹਾਲਾਂਕਿ ਜਡੇਜਾ ਦਾ ਬਾਹਰ ਹੋਣਾ ਹੈ ਜਿਨ੍ਹਾਂ ਨੂੰ ਬਾਂਹ ਵਿਚ ਸੱਟ ਲੱਗੀ ਹੈ। ਬੀਸੀਸੀਆਈ ਮੁਤਾਬਕ ਹਰਫ਼ਨਮੌਲਾ ਰਵਿੰਦਰ ਜਡੇਜਾ ਦੇ ਸੱਜੇ ਹੱਥ ਵਿਚ ਸੱਟ ਲੱਗੀ ਸੀ। ਸਕੈਨ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਹੱਥ ਵਿਚ ਸੋਜ ਹੈ। ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ ਤੇ ਉਹ ਵੀ ਦੂਜਾ ਟੈਸਟ ਨਹੀਂ ਖੇਡ ਸਕਣਗੇ।

ਛੇ ਹਫ਼ਤੇ ਤਕ ਅਜਿੰਕੇ ਨੂੰ ਪਵੇਗੀ ਆਰਾਮ ਦੀ ਲੋੜ

ਜਦ ਇਕ ਸੂਬੇ ਦੀ ਟੀਮ ਦੇ ਫੀਜ਼ੀਓ ਤੋਂ ਹੈਮਸਟਿ੍ੰਗ ਵਿਚ ਖਿਚਾਅ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਹੈਮਸਟਿ੍ੰਗ ਦੀ ਸੱਟ ਵਿਚ ਕਾਫੀ ਦਰਦ ਹੁੰਦਾ ਹੈ ਤੇ ਇਸ ਨਾਲ ਸਰੀਰ ਦਾ ਲਚੀਲਾਪਨ ਪ੍ਰਭਾਵਿਤ ਹੁੰਦਾ ਹੈ। ਹੈਮਸਟ੍ਰਿੰਗ ਖਿਚਾਅ ਸੱਟ ਦੇ ਪੱਧਰ ‘ਤੇ ਨਿਰਭਰ ਕਰਦਾ ਹੈ ਤੇ ਜੇ ਉਹ ਪਹਿਲੇ ਪੱਧਰ ਦਾ ਹੈ ਤਾਂ ਤੁਹਾਨੂੰ ਘੱਟੋ-ਘੱਟ ਦੋ ਹਫ਼ਤੇ ਆਰਾਮ ਦੀ ਲੋੜ ਪੈਂਦੀ ਹੈ। ਜੇ ਇਹ ਦੂਜੇ ਪੱਧਰ ਦਾ ਹੈ ਤਾਂ ਇਸ ਲਈ ਘੱਟੋ-ਘੱਟ ਚਾਰ ਤੋਂ ਛੇ ਹਫ਼ਤੇ ਦੀ ਲੋੜ ਪਵੇਗੀ। ਸਿਰਫ਼ ਆਰਾਮ ਕਰ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਅਜਿੰਕੇ ਰਹਾਣੇ ਦੋ ਤੋਂ ਛੇ ਹਫ਼ਤੇ ਤਕ ਬਾਹਰ ਰਹਿ ਸਕਦੇ ਹਨ।

Leave a Reply

Your email address will not be published. Required fields are marked *