ਪੀਆਰਟੀਸੀ ਦੇ ਡਰਾਇਵਰਾਂ ਤੇ ਕੰਡਕਟਰਾਂ ਨੂੰ ਡਿਊਟੀ ਕਰਨ ਤੋਂ ਰੋਕਿਆ, ਮਾਮਲਾ ਦਰਜ
ਬਰਨਾਲਾ : ਬੀਤੀ 3 ਦਸੰਬਰ ਨੂੰ ਬਸ ਸਟੈਂਡ ਬਰਨਾਲਾ ਵਿਖੇ ਪੀਆਰਟੀਸੀ ਦੇ ਡਰਾਇਵਰਾਂ ਤੇ ਕੰਡਕਟਰਾਂ ਨੂੰ ਡਿਊਟੀ ਕਰਨ ਤੋਂ ਰੋਕਣ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਬਰਨਾਲਾ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੇ ਜਨਰਲ ਮੈਨੇਜਰ ਨੇ ਪੁਲਿਸ ਨੂੰ ਪੱਤਰ ਭੇਜਿਆ ਕਿ ਬੀਤੀ 3 ਦਸੰਬਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕੁਝ ਅਣਪਛਾਤੇ ਵਿਅਕਤੀਆਂ ਨੇ ਪੀਆਰਟੀਸੀ ਡਿਪੂ ਦੀ ਵਰਕਸ਼ਾਪ ’ਚ ਦਾਖ਼ਲ ਹੋਕੇ ਡਿਪੂ ਦੇ ਡਰਾਇਵਰਾਂ ਤੇ ਕੰਡਕਟਰਾਂ ਨੂੰ ਡਿਊਟੀ ਕਰਨ ਤੋਂ ਰੋਕਿਆ, ਜਿਸ ਕਾਰਨ ਡਿਪੂ ਦੇ ਕਰੀਬ 11 ਟਾਈਮ ਮਿਸ ਹੋ ਗਏ ਤੇ 96,114 ਰੁਪਏ ਦਾ ਮਾਲੀ ਨਕੁਸਾਨ ਹੋਇਆ। ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।