ਸਚਿਨ ਤੇਂਦੁਲਕਰ ਨੇ ਸ਼ੁਭਮਨ ਗਿੱਲ ਦੀ ਕੀਤੀ ਤਾਰੀਫ, ਕਿਹਾ- ਉਹ ਕਿਸੇ ਵੀ ਨੰਬਰ ‘ਤੇ ਕਰ ਸਕਦੈ ਬੱਲੇਬਾਜ਼ੀ
ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਿਹਾ ਕਿ ਸ਼ੁਭਮਨ ਗਿੱਲ ਕੋਲ ਭਾਰਤੀ ਟੈਸਟ ਟੀਮ ਵਿਚ ਕਿਸੇ ਵੀ ਨੰਬਰ ‘ਤੇ ਬੱਲੇਬਾਜ਼ੀ ਦੀ ਤਕਨੀਕ ਤੇ ਤੇਵਰ ਹਨ ਪਰ ਉਸ ਨੂੰ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਬਦਲਣਾ ਪਵੇਗਾ। ਨਿਊਜ਼ੀਲੈਂਡ ਖ਼ਿਲਾਫ਼ ਕਾਨਪੁਰ ਟੈਸਟ ਵਿਚ 52 ਦੌੜਾਂ ਬਣਾਉਣ ਵਾਲੇ ਗਿੱਲ ਮੁੰਬਈ ਟੈਸਟ ਵਿਚ ਵੀ ਪਹਿਲੀ ਪਾਰੀ ਵਿਚ ਵੱਡੇ ਸਕੋਰ ਵੱਲ ਵਧ ਰਹੇ ਸਨ ਪਰ ਏਜਾਜ਼ ਪਟੇਲ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ। ਜਦ ਸਚਿਨ ਤੋਂ ਪੁੱਿਛਆ ਗਿਆ ਕਿ ਕੀ ਗਿੱਲ ਕੋਲ ਦੱਖਣੀ ਅਫਰੀਕਾ ਵਿਚ ਮੱਧ ਕ੍ਰਮ ਵਿਚ ਚੰਗੀ ਬੱਲੇਬਾਜ਼ੀ ਕਰਨ ਦੀ ਤਕਨੀਕ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜਿੱਥੇ ਤਕ ਤਕਨੀਕ ਦੀ ਗੱਲ ਹੈ ਤਾਂ ਵੱਖ-ਵੱਖ ਪਿੱਚਾਂ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ।
ਮੇਰਾ ਮੰਨਣਾ ਹੈ ਕਿ ਸ਼ੁਭਮਨ ਨੂੰ ਫ਼ਾਇਦਾ ਹੈ ਕਿ ਉਸ ਨੇ ਬਿ੍ਸਬੇਨ ਵਿਚ 91 ਦੌੜਾਂ ਦੀ ਪਾਰੀ ਖੇਡੀ ਹੈ ਜਿੱਥੇ ਅਸੀਂ ਟੈਸਟ ਜਿੱਤਿਆ ਸੀ। ਉਸ ਕੋਲ ਸਖ਼ਤ ਤੇ ਉਛਾਲ ਵਾਲੀਆਂ ਪਿੱਚਾਂ ‘ਤੇ ਖੇਡਣ ਦਾ ਤਜਰਬਾ ਹੈ। ਤਕਨੀਕ ਨੂੰ ਲੈ ਕੇ ਕੋਈ ਮਸਲਾ ਨਹੀਂ ਹੈ। ਉਸ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਹੁਣ ਇਸ ਨੂੰ ਵੱਡੀਆਂ ਪਾਰੀਆਂ ਵਿਚ ਬਦਲਣ ਦਾ ਸਮਾਂ ਆ ਗਿਆ ਹੈ। ਤੇਂਦੁਲਕਰ ਨੇ ਕਿਹਾ ਕਿ ਟੀਮ ਵਿਚ ਆਉਣ ਤੋਂ ਬਾਅਦ ਇਹ ਵੱਡੇ ਸਕੋਰ ਬਣਾਉਣ ਦੀ ਭੁੱਖ ਦੀ ਗੱਲ ਹੁੰਦੀ ਹੈ ਜੋ ਉਸ ਅੰਦਰ ਹੈ। ਉਸ ਨੂੰ ਬੱਸ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਬਦਲਣਾ ਪਵੇਗਾ ਤੇ ਇਸ ਲਈ ਇਕਾਗਰਤਾ ਦੀ ਲੋੜ ਹੈ। ਕਾਨਪੁਰ ਤੇ ਮੁੰਬਈ ਦੋਵਾਂ ਟੈਸਟ ਮੈਚਾਂ ਵਿਚ ਉਹ ਚੰਗੀ ਗੇਂਦ ‘ਤੇ ਆਊਟ ਹੋਇਆ। ਉਹ ਸਿੱਖਣ ਦੀ ਪ੍ਰਕਿਰਿਆ ਵਿਚ ਹੈ ਤੇ ਸਿੱਖ ਰਿਹਾ ਹੈ।
ਸ਼੍ਰੇਅਸ ਅਈਅਰ ਦੀ ਵੀ ਕੀਤੀ ਤਾਰੀਫ਼ :
ਸਚਿਨ ਨੇ ਸ਼ੁਰੂਆਤੀ ਟੈਸਟ ਵਿਚ ਸੈਂਕੜਾ ਲਾਉਣ ਵਾਲੇ ਸ਼੍ਰੇਅਸ ਅਈਅਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਸ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ। ਇਕ ਸਮੇਂ ਤਕ ਸਕੋਰ ਵੱਧ ਨਹੀਂ ਸੀ ਜਿਸ ਤੋਂ ਬਾਅਦ ਉਸ ਨੇ ਯਾਦਗਾਰ ਪਾਰੀ ਖੇਡੀ ਤੇ ਭਾਰਤ ਨੂੰ ਜਿੱਤ ਦੇ ਲਗਭਗ ਨੇੜੇ ਪਹੁੰਚਾ ਦਿੱਤਾ। ਦੋਵਾਂ ਪਾਰੀਆਂ ਅਹਿਮ ਸਨ। ਟੈਸਟ ਖੇਡਣ ਨੂੰ ਲੈ ਕੇ ਬੇਚੈਨੀ ਹੋਵੇਗੀ ਪਰ ਉਹ ਕਾਫੀ ਸਮੇਂ ਤੋਂ ਟੀ-20 ਕ੍ਰਿਕਟ ਖੇਡ ਰਿਹਾ ਹੈ ਜਿਸ ਨਾਲ ਦਬਾਅ ਘੱਟ ਹੋ ਗਿਆ ਹੋਵੇਗਾ ਤੇ ਉਹ ਆਪਣਾ ਸੁਭਾਵਿਕ ਖੇਡ ਦਿਖਾ ਸਕਿਆ।