ਮੁਕੇਰੀਆਂ ਸ਼ੂਗਰ ਮਿੱਲ ਵਿੱਚ ਗੰਨਾ ਲੈ ਕੇ ਜਾਂਦੇ ਟਰੈਕਟਰ ਟਰਾਲੀ ਨੂੰ ਹਾਦਸਾ ਦੋ ਨੌਜਵਾਨਾਂ ਦੀ ਮੌਤ ਇੱਕ ਹੋਇਆ ਗੰਭੀਰ ਜ਼ਖ਼ਮੀ
ਰਿਪੋਰਟ: ਲਵਪ੍ਰੀਤ ਸਿੰਘ (ਖੁਸ਼ੀਪੁਰ) ਕਲਾਨੌਰ
ਗੁਰਦਾਸਪੁਰ ਦੇ ਪੁਲਸ ਥਾਣਾ ਕਾਨੂੰਨ ਅਧੀਨ ਪੈਂਦੇ ਪਿੰਡ ਧਾਵੇ ਦੇ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਇਕ ਹੋਰ ਦੇ ਗੰਭੀਰ ਸੱਟਾਂ ਲੱਗਣ ਦਾ ਵੀ ਸਮਾਚਾਰ ਹੈ।ਪੀੜ੍ਹਤਾਂ ਦੇ ਪਿੰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਵੇ ਦੇ 3 ਕਿਸਾਨ ਅਤੇ ਮਜ਼ਦੂਰ ਇਕਬਾਲ ਸਿੰਘ ਸੋਨੂ ਪੁੱਤਰ ਪੁੱਤਰ ਸਰਦਾਰ ਸਿੰਘ, ਰਾਕੇਸ਼ ਕੁਮਾਰ ਪੁੱਤਰ ਸੇਵਾ ਰਾਮ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਬਿਕਰਮਜੀਤ ਸਿੰਘ ਪੁੱਤਰ ਬਚਨ ਸਿੰਘ ਲੋਹੜੀ ਦੀ ਰਾਤ ਨੂੰ ਟਰੈਕਟਰ ਟਰਾਲੀ ਉਤੇ ਲੋਡ ਕੀਤਾ ਹੋਇਆ ਗੰਨਾ ਲੈ ਕੇ ਮੁਕੇਰੀਆਂ ਮਿੱਲ ਨੂੰ ਜਾ ਰਹੇ ਸਨ। ਜਦੋਂ ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਦਰਿਆ ਬਿਆਸ ਕੋਲ ਪਹੁੰਚੇ ਤਾਂ ਉੱਥੇ ਇਕ ਤਿੱਖੇ ਮੋੜ ਤੋਂ ਉਨ੍ਹਾਂ ਦਾ ਟਰੈਕਟਰ ਅਚਾਨਕ ਹਾਦਸਾਗ੍ਰਸਤ ਹੋ ਗਿਆ। ਜਿਸ ਕਾਰਨ ਟਰੈਕਟਰ ਉੱਤੇ ਬੈਠੇ ਤਿੰਨੇ ਨੌਜਵਾਨ ਗੰਨੇ ਦੇ ਢੇਰ ਹੇਠ ਆ ਗਏ। ਇਸ ਦੌਰਾਨ ਇਕਬਾਲ ਸਿੰਘ ਅਤੇ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਤੀਸਰਾ ਨੌਜਵਾਨ ਬਿਕਰਮਜੀਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵਾਰਸਾਂ ਅਤੇ ਇਲਾਕੇ ਦੇ ਪਤਵੰਤਿਆਂ ਠਾਕੁਰ ਬਲਰਾਜ ਸਿੰਘ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਜੱਦੋਜਹਿਦ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਪਲਟੀ ਟਰਾਲੀ ਦੇ ਗੰਨੇ ਦੇ ਢੇਰ ਹੇਠੋਂ ਕੱਢਿਆ ਗਿਆ ਤਾਂ ਪਰ ਉਦੋਂ ਤੱਕ 2 ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਜਿਸ ਵਿਚ 3 ਪਰਿਵਾਰ ਉੱਜੜ ਗਏ ਹਨ। ਉਨ੍ਹਾਂ ਕਿਹਾ ਕਿ ਉਹ ਮੁਕੇਰੀਆਂ ਖੰਡ ਮਿੱਲ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਵੀ ਉਸ ਦੇ ਇਲਾਜ ਲਈ ਬਣਦੀ ਸਹਾਇਤਾ ਦਿੱਤੀ ਜਾਵੇ। ਦੋ ਨੌਜਵਾਨਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ