ਮਜਦੂਰਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਖਿਲਾਫ ਜੋਰਦਾਰ ਧਰਨਾ ਪ੍ਰਦਰਸ਼ਨ
ਬਰਨਾਲਾ 9 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)
ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੋਣ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਸੈਂਕੜੇ ਮਜ਼ਦੂਰਾਂ ਵੱਲੋਂ ਧਰਨਾ ਲਾਇਆ ਗਿਆ। ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਦੀ ਸ਼ੁਰੂਆਤ ਕੇਵਲ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ । ਵੱਡੀ ਗਿਣਤੀ ਵਿੱਚ ਮਜ਼ਦੂਰ ਆਪਣੇ ਹੱਕਾਂ ਲਈ ਪਹਿਲਾਂ ਕਚਹਿਰੀ ਚੌਂਕ ਵਿੱਚ ਇਕੱਠੇ ਹੋਏ ਅਤੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਡੀ.ਸੀ. ਦਫ਼ਤਰ ਵਿੱਚ ਪਹੁੰਚ ਕੇ ਭਰਵੀਂ ਰੈਲੀ ਕੀਤੀ ਗਈ। ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਅਧਿਕਾਰ ਅੰਦੋਲਨ ਦੇ ਆਗੂਆਂ ਕਾਮਰੇਡ ਕੇਵਲ ਸਿੰਘ ਅਕਲੀਆ ਅਤੇ ਕਾਮਰੇਡ ਗੁਰਜਿੰਦਰ ਬਬਾਣੀਆਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਨੇ ਮਜ਼ਦੂਰਾਂ ਅਤੇ ਗ਼ਰੀਬ ਲੋਕਾਂ ਨਾਲ ਚੋਣਾ ਸਮੇਂ ਜੋ ਵਾਅਦੇ ਕੀਤੇ ਸਨ, ਪੰਜਾਬ ਸਰਕਾਰ ਗਰੀਬ ਲੋਕਾਂ ਦੀਆਂ ਮੰਗਾ ਮੰਨਣ ਦੀ ਬਜਾਏ ਉਨ੍ਹਾਂ ਵੱਲ ਪਿੱਠ ਕਰਕੇ ਖੜ੍ਹ ਗਈ ਹੈ।
ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦੀ ਗਾਰੰਟੀ ਕੀਤੀ ਜਾਵੇ, 700 ਰੁਪਏ ਪ੍ਰਤੀ ਦਿਨ ਦਿਹਾੜੀ ਦਿੱਤੀ ਜਾਵੇ, ਮਜ਼ਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਜਦੂਰਾਂ ਨੂੰ ਗੁਜਾਰੇ ਜੋਗੀ ਜ਼ਮੀਨ ਦਿੱਤੀ ਜਾਵੇ। ਸੀ.ਪੀ.ਆਈ (ਐੱਮ.ਐੱਲ ) ਹੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਪਾਉਣ ਲਈ ਬਿਨਾਂ ਵਿਆਜ ਤੇ ਕਰਜ਼ਾ ਦਿੱਤਾ ਜਾਵੇ।
ਕਮਿਊਨਿਸਟ ਆਗੂ ਕਾਮਰੇਡ ਰਾਜ ਸਿੰਘ ਮਹਿਤਾ ਅਤੇ ਮਜ਼ਦੂਰ ਆਗੂ ਪ੍ਰੋਫੈਸਰ ਰਕੇਸ਼ ਵਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਖੇਤਰ ਵਿੱਚ ਮਸ਼ੀਨ ਤੇ ਤਕਨੀਕ ਦਾ ਬਲਬਾਲਾ ਹੋ ਗਿਆ ਹੈ, ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ। ਮਹਿੰਗਾਈ ਸਿਰ ਚੜ੍ਹ ਕੇ ਬੋਲ ਰਹੀ ਹੈ। ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੇ ਕਾਰਣ ਅਤੇ ਪੰਚਾਇਤਾਂ ਦੀ ਗਲਤ ਦੁਰਵਰਤੋਂ ਦੇ ਕਾਰਣ ਮਨਰੇਗਾ ਸਕੀਮ ਪੂਰੀ ਤਰ੍ਹਾਂ ਫੇਲ ਹੋਣ ਦੇ ਕਿਨਾਰੇ ਪਹੁੰਚ ਗਈ ਹੈ। ਬਹੁਤੇ ਪਿੰਡਾਂ ਦੀਆਂ ਪੰਚਾਇਤਾ ਅਤੇ ਮਨਰੇਗਾ ਅਧਿਕਾਰੀ ਅਤੇ ਕਰਮਚਾਰੀ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਸਿਰ ਚੜ੍ਹਿਆ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਵਿਧਵਾ ਅਤੇ ਬੁਢਾਪਾ ਪੈਨਸ਼ਨ ਦਾਰਾ ਦੇ 5000/- ਰੁਪਏ ਕੀਤੀ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਰੂੜੇਕੇ , ਗੁਰਤੇਜ ਹੋਵਾਂ, ਗੁਰਜਿੰਦਰ ਸਿੰਘ ਬਾਣੀਆਂ, ਹਰਪ੍ਰੀਤ ਕੌਰ ਦਾਨਗੜ ਅਤੇ ਹਰਪ੍ਰੀਤ ਕੌਰ ਪੱਖੋਂ ਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।