ਜ਼ਿਲ੍ਹੇ ਬਰਨਾਲਾ ਦੇ ਮੱਛੀ ਪਾਲਕਾਂ ਲਈ ਸਲਾਹਕਾਰੀ ਜਾਰੀ
ਬਰਨਾਲਾ : 9 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)
ਮੱਛੀ ਪਾਲਣ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਡਾ. ਜਸਵੀਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਬਦਲਦੇ ਮੌਸਮ ਦੇ ਮੱਦੇਨਜ਼ਰ ਮੱਛੀ ਪਾਲਕਾਂ ਲਈ ਸਲਾਹਕਾਰੀ ਜਾਰੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੌਸਮ ਵਿਚ ਬਦਲਾਅ ਕਾਰਨ ਪਾਣੀ ਦਾ ਤਾਪਮਾਣ ਲਗਾਤਾਰ ਘਟ ਰਿਹਾ ਹੈ। ਇਸ ਕਰਕੇ ਮੱਛੀਆਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਸਵੇਰ ਵੇਲੇ ਤਾਜ਼ੇ ਪਾਣੀ ਏਰੀਏਟਰ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ।
ਇਸ ਤੋਂ ਇਲਾਵਾ ਪਾਣੀ ਦਾ ਪੱਧਰ 6 ਤੋਂ 7 ਫੁੱਟ ਰੱਖਿਆ ਜਾਵੇ ਤਾਂ ਜੋ ਮੱਛੀ ਨੂੰ ਠੰਢ ਦੀ ਮਾਰ ਤੋਂ ਬਚਾਇਆ ਜਾ ਸਕੇ। ਇਸ ਤੋਂ ਬਿਨਾਂ ਤਾਪਮਾਨ ਅਨੁਸਾਰ ਮੱਛੀ ਦੀ ਖ਼ੁਰਾਕ ਘਟਾਉਣ, ਜੈਵਿਕ ਖਾਦਾਂ ਦੀ ਵਰਤੋਂ ਘਟਾਉਣ/ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਮੱਛੀ ਪਾਲਕ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਆਪਣੇ ਫ਼ਾਰਮਾਂ ’ਤੇ ਲਾਜ਼ਮੀ ਤੌਰ ’ਤੇ ਰੱਖਣ। ਸਰਦੀਆਂ ਦੇ ਮੌਸਮ ਵਿੱਚ ਮੱਛੀ ਨੂੰ ਬੀਮਾਰੀ ਲੱਗਣ ਦੀ ਵਧੇਰੇ ਸੰਭਾਵਨਾ ਦੇ ਸਨਮੁਖ ਮੱਛੀ ਦੇ ਬਚਾਅ ਲਈ ਤਲਾਅ ਵਿੱਚ 400 ਮਿਲੀਲੀਟਰ ਪ੍ਰਤੀ ਏਕੜ ਸੀਫੈਕਸ ਦੀ ਵਰਤੋਂ ਕੀਤੀ ਜਾਵੇ। ਮੱਛੀ ਪਾਲਣ ਅਫਸਰ ਬਰਨਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਹਰ ਮਹੀਨੇ 5 ਦਿਨਾਂ ਮੁਫਤ ਸਿਖਲਾਈ ਇਸ ਦਫਤਰ ਵੱਲੋਂ ਲਾਈ ਜਾਂਦੀ ਹੈ, ਜਿਸ ਵਿਚ ਨਵੇਂ ਕਿਸਾਨ ਮੱਛੀ ਪਾਲਕ ਇਸ ਕਿੱਤੇ ਬਾਰੇ ਸਿਖਲਾਈ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਨਵੇਂ ਤਲਾਬ ਦੀ ਉਸਾਰੀ ਲਈ ਸਥਾਨ ਦੀ ਚੋਣ ਜਾਂ ਪੁਰਾਣੇ ਛੱਪੜਾਂ ਦੇ ਸੁਧਾਰ ਲਈ ਤਕਨੀਕੀ ਸਲਾਹ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਵਿਚ 2 ਜਨਵਰੀ ਤੋਂ 6 ਜਨਵਰੀ ਤੱਕ ਸਿਖਲਾਈ ਕੈਂਪ ਲਾਇਆ ਜਾਵੇਗਾ ਤੇ ਵੱਧ ਤੋਂ ਵੱਧ ਕਿਸਾਨ ਮੱਛੀ ਪਾਲਕ ਇਸ ਦਾ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਜਾਂ ਕੋਈ ਦਿੱਕਤ ਪੇਸ਼ ਆਉਣ ’ਤੇ ਕਮਰਾ ਨੰਬਰ 84, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫਤਰ ਮੱਛੀ ਪਾਲਣ ਵਿਖੇ ਰਾਬਤਾ ਕੀਤਾ ਜਾਵੇ।