healthNews

ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਨੇ ਜਾਰੀ ਕੀਤੀ ਨਵੀਂ ਗਾਈਡਲਾਈਨ

ਅੰਮ੍ਰਿਤਸਰ : ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੰਡਨ, ਬਰਮਿੰਘਮ ਤੇ ਰੋਮ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਘੱਟ ਤੋਂ ਘੱਟ ਛੇ ਘੰਟੇ ਲਈ ਰੁਕਣਾ ਪਵੇਗਾ। ਤਾਂ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋ ਸਕੇ। ਇਹ ਨਵੀਂ ਗਾਈਡਲਾਈਨ ਹਵਾਈ ਅੱਡਾ ਅਥਾਰਟੀ ਵੱਲੋਂ ਅੱਜ ਰਾਤ 12 ਵਜੇ ਤੋਂ ਲਾਗੂ ਕਰ ਦਿੱਤੀ ਜਾਵੇਗੀ। ਇਸ ਲਈ ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਾਈਵੇਟ ਲੈਬੋਰੇਟਰੀਜ਼ ਦੇ ਨਾਲ ਤਾਲਮੇਲ ਕਰ ਰਿਹਾ ਹੈ, ਤਾਂ ਕਿ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈੱਸਟ ਕਰਵਾਏ ਜਾ ਸਕਣ।

ਹਵਾਈ ਅੱਡਾ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਰੋਕਣ ਲਈ ਅਥਾਰਟੀ ਵੱਲੋਂ ਹਰ ਸੰਭਵ ਯਤਨ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕਰ ਕੇ ਇਸ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਤਾਂ ਕਿ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈੱਸਟ ਘੱਟ ਤੋਂ ਘੱਟ ਰੇਟ ’ਤੇ ਕਰਵਾਏ ਜਾ ਸਕਣ।

ਉਨ੍ਹਾਂ ਦੱਸਿਆ ਕਿ ਮੁਸਾਫ਼ਰਾਂ ਦੇ ਰੈਪਿਡ ਟੈੱਸਟ ਕਰਵਾਉਣ ਦੀ ਵੀ ਆਗਿਆ ਮਿਲ ਗਈ ਹੈ। ਰੈਪਿਡ ਟੈੱਸਟ ਦੀ ਰਿਪੋਰਟ ਆਉਣ ’ਚ ਘੱਟ ਤੋਂ ਘੱਟ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ। ਅਜਿਹੇ ਓਮੀਕਰੋਨ ਪ੍ਰਭਾਵਿਤ ਦੇਸ਼ਾਂ ’ਚੋਂ ਲੰਡਨ, ਬਰਮਿੰਘਮ ਤੇ ਰੋਮ ਤੋਂ ਹੀ ਅੰਮ੍ਰਿਤਸਰ ਫਲਾਈਟ ਆ ਰਹੀ ਹੈ। ਅਜਿਹੇ ਸਮੇਂ ਫਲਾਈਟ ਲੈਂਡ ਹੋਣ ਅਤੇ ਮੁਸਾਫ਼ਰਾਂ ਦੀ ਟੈੱਸਟ ਪ੍ਰਕਿਰਿਆ ਪੂਰੀ ਹੋਣ ’ਤੇ ਘੱਟ ਤੋਂ ਘੱਟ ਛੇ ਘੰਟੇ ਦਾ ਸਮਾਂ ਲੱਗ ਜਾਵੇਗਾ।

ਸੱਤ ਦਿਨ ਲਈ ਹੋਣਾ ਹੋਵੇਗਾ ਕੁਆਰੰਟਾਈਨ

ਓਮੀਕਰੋਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਸੱਤ ਦਿਨ ਦੇ ਕੁਆਰੰਟਾਈਨ ਵੀ ਕਰਨਾ ਹੋਵੇਗਾ। ਇਸ ਲਈ ਪੰਜਾਬ ਸਰਕਾਰ ਵੱਲੋਂ ਵੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਆਰਟੀਪੀਸੀਆਰ ਦੀ ਰਿਪੋਰਟ ਆਉਣ ਤੋਂ ਬਾਅਦ ਹੋਮ ਆਈਸੋਲੇਸ਼ਨ ’ਚ ਰੱਖਿਆ ਜਾਵੇਗਾ ਤੇ ਇਸ ਤੋਂ ਬਾਅਦ ਫਿਰ ਤੋਂ ਟੈੱਸਟ ਕੀਤਾ ਜਾਵੇਗਾ।

200 ਤੋਂ ਵੱਧ ਮੁਸਾਫ਼ਰ ਆਉਂਦੇ ਹਨ ਲੰਡਨ, ਰੋਮ ਤੇ ਬਰਮਿੰਘਮ ਤੋਂ ਰੋਜ਼

ਲੰਡਨ, ਰੋਮ ਤੇ ਬਰਮਿੰਘਮ ਆਦਿ ਤੋਂ ਰੋਜ਼ਾਨਾ ਕਰੀਬ 200 ਤੋਂ 250 ਮੁਸਾਫ਼ਰ ਅੰਮ੍ਰਿਤਸਰ ਵਿਚ ਪੁੱਜਦੇ ਹਨ। ਅਜਿਹੇ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਇੰਨੇ ਸਾਰੇ ਮੁਸਾਫ਼ਰਾਂ ਦੇ ਟੈੱਸਟ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਵੇਗਾ, ਜਿਸ ਕਾਰਨ ਹਵਾਈ ਅੱਡਾ ਅਥਾਰਟੀ ਵੱਲੋਂ ਪ੍ਰਾਈਵੇਟ ਲੈਬੋਰਟਰੀਆਂ ਨਾਲ ਟਾਈਅੱਪ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *