ਦੁਕਾਨ ‘ਚੋਂ ਇਕ ਲੱਖ ਰੁਪਏ ਮੁੱਲ ਦਾ ਕੱਪੜਾ ਚੋਰੀ
ਸ਼ਹਿਣਾ, ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਸਬਾ ਸ਼ਹਿਣਾ ਦੇ ਮੇਨ ਬਜਾਰ ‘ਚ ਇਕ ਕੱਪੜੇ ਦੀ ਦੁਕਾਨ ‘ਚੋਂ ਕਰੀਬ 1 ਲੱਖ ਦਾ ਕੱਪੜਾ ਚੋਰੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਗੁਰੂ ਨਾਨਕ ਕਲਾਥ ਹਾਊਸ ਸ਼ਹਿਣਾ ਦੇ ਪੀੜ੍ਹਤ ਦੁਕਾਨਦਾਰ ਹੇਮ ਪਾਲ ਪੁੱਤਰ ਸੁਰਿੰਦਰ ਪਾਲ ਵਾਸੀ ਬੁਰਜ ਫਤਿਹਗੜ੍ਹ ਨੇ ਦੱਸਿਆ ਕਿ ਉਸ ਨੇ ਕਰੀਬ ਡੇਢ ਮਹੀਨਾ ਪਹਿਲਾ ਕੱਪੜੇ ਦੀ ਦੁਕਾਨ ਕੀਤੀ ਸੀ। ਉਸ ਨੇ ਦੱਸਿਆ ਕਿ ਲੰਘੀ ਕੱਲ ਸ਼ਾਮ ਨੂੰ ਉਹ ਕਰੀਬ ਸਾਢੇ 6 ਵਜੇ ਦੁਕਾਨ ਬੰਦ ਕਰਕੇ ਗਿਆ ਸੀ। ਜਦ ਉਸ ਦੇ ਪੁੱਤਰ ਰਹੀਸ਼ ਕੁਮਾਰ ਨੇ ਸਵੇਰੇ ਕਰੀਬ ਸਾਢੇ ਅੱਠ ਵਜੇ ਦੁਕਾਨ ਖੋਲ੍ਹੀ ਤਾਂ ਲੇਡੀਜ਼ ਸੂਟ ਕਰੀਬ 1 ਲੱਖ ਕੀਮਤ ਦੇ ਗਾਇਬ ਸਨ ਤੇ ਉਸ ਨੇ ਤਰੁੰਤ ਉਸ ਨੂੰ ਸੂਚਨਾ ਦਿੱਤੀ ਤਾਂ ਉਹ ਤਰੁੰਤ ਦੁਕਾਨ ‘ਤੇ ਪੁੱਜੇ। ਉਨਾਂ੍ਹ ਦੱਸਿਆ ਕਿ ਮੌਕੇ ‘ਤੇ ਅੰਦਾਜਨ ਗਿਣਤੀ ਅਨੁਸਾਰ ਚੋਰਾਂ ਨੇ ਸਿਰਫ ਮਹਿੰਗੇ ਭਾਅ ਵਾਲੇ ਭਾਰੀ ਸੂਟ, ਜਿੰਨਾਂ੍ਹ ਦੀ ਗਿਣਤੀ 100 ਤੋਂ ਵੱਧ ਹੋਵੇਗੀ, ਚੋਰੀ ਕਰਕੇ ਲੈ ਗਏ ਹਨ। ਉਨਾਂ ਦੱਸਿਆ ਕਿ ਦੁਕਾਨ ਦਾ ਸ਼ਟਰ ਜਾਂ ਕਿਸੇ ਪਾਸੇ ਕੋਈ ਭੰਨਤੋੜ ਨਹੀਂ ਕੀਤੀ ਹੋਈ ਹੈ। ਜਿਸ ਤੋਂ ਜਾਪਦਾ ਹੈ ਕਿ ਚੋਰ ਇਕ ਨਹੀਂ ਇਕ ਤੋਂ ਵੱਧ ਹੋ ਸਕਦੇ ਹਨ। ਜਿੰਨਾਂ੍ਹ ਨੇ ਸ਼ਟਰ ਦੀ ਨਕਲੀ ਚਾਬੀ ਨਾਲ ਸ਼ਟਰ ਖੋਲ ਕੇ ਕੱਪੜਾ ਚੋਰੀ ਕੀਤਾ ਗਿਆ ਹੋ ਸਕਦਾ ਹੈ। ਪੀੜ੍ਹਤ ਦੁਕਾਨ ਮਾਲਕ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਥਾਣਾ ਸ਼ਹਿਣਾ ਪੁਲਿਸ ਨੂੰ ਦੇ ਦਿੱਤੀ ਹੈ ਤੇ ਐੱਸਐੱਚਓ ਨਰਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕਾ ਦੇਖ ਕੇ ਗਏ ਹਨ। ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਨਰਦੇਵ ਸਿੰਘ ਨੇ ਦੱਸਿਆ ਕਿ ਪੀੜ੍ਹਤ ਦੁਕਾਨਦਾਰ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਪੀੜ੍ਹਤ ਦੁਕਾਨਦਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।