ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਸ਼ਲਾਘਾਯੋਗ : ਮਨਵੀਰ ਰਾਹੀ
ਬਰਨਾਲਾ
ਕੇਂਦਰੀ ਕੈਬਿਨੇਟ ਮੰਡਲ ਵਲੋਂ ਬੁੱਧਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇਣਾ ਕੇਂਦਰ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਲੀਗਲ ਸੈੱਲ ਪੰਜਾਬ ਦੇ ਚੇਅਰਮੈਨ ਤੇ ਜ਼ਿਲ੍ਹਾ ਬਰਨਾਲਾ ਦੇ ਸਰਪ੍ਰਸਤ ਐਡਵੋਕੇਟ ਮਨਵੀਰ ਕੌਰ ਰਾਹੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਮਨਵੀਰ ਕੌਰ ਰਾਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ ਦੇ ਕੁੱਝ ਦਿਨਾਂ ਬਾਅਦ ਫ਼ਾਰਮ ਲਾਅਜ਼ ਰੀਪੀਲ ਬਿੱਲ 2021 ਨੂੰ ਮਨਜ਼ੂਰੀ ਦੇਣਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਉਨਾਂ੍ਹ ਕਿਹਾ ਕਿ ਸੰਸਦ ਦਾ ਨਵਾਂ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ‘ਚ ਪਾਸ ਹੋਣ ਲਈ ਲੋਕ ਸਭਾ ‘ਚ ਇਸ ਬਿੱਲ ਨੂੰ ਪੇਸ਼ ਕੀਤਾ ਜਾਵੇਗਾ। ਰਾਹੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਬੁੱਧਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਮਿਲਣ ਕਾਰਨ ਸਮੁੱਚੇ ਕਿਸਾਨ ਵਧਾਈ ਦੇ ਪਾਤਰ ਹਨ। ਇਸ ਉਪਰੰਤ ਮਨਵੀਰ ਕੌਰ ਰਾਹੀ ਵਲੋਂ 26 ਨਵੰਬਰ ਨੂੰ ਕਿਸਾਨ ਮੋਰਚੇ ਦੀ ਵਰੇਗੰਢ ਮੌਕੇ ਦਿੱਲੀ ਮੋਰਚਿਆਂ ‘ਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਨੂੰ ਪੇ੍ਰਿਤ ਵੀ ਕੀਤਾ ਗਿਆ। ਇਸ ਮੌਕੇ ਉਨਾਂ੍ਹ ਨਾਲ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਬੂਟਾ ਸਿੰਘ ਨਾਈਵਾਲ, ਪ੍ਰਰੈਸ ਸਕੱਤਰ ਬੂਟਾ ਸਿੰਘ ਰਹਿਲ ਵੀ ਹਾਜ਼ਰ ਸਨ।