NewsPolitics

ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨਗੇ ਐੱਨਐੱਚਐੱਮ ਮੁਲਾਜ਼ਮ

ਬਰਨਾਲਾ

ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸਮੂਹ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਮੁਲਜ਼ਮਾਂ ਕਿਹਾ ਕਿ ਉਹ ਸ਼ਨਿੱਚਰਵਾਰ ਨੂੰ ਬਰਨਾਲਾ ਪਹੁੰਚ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਕੱਚੇ ਮੁਲਾਜ਼ਮ ਵਿਰੋਧ ਕਰਨਗੇ। ਜ਼ਿਲ੍ਹਾ ਪੱਧਰ ‘ਤੇ ਸਿਵਲ ਹਸਪਤਾਲ ਦੇ ਪਾਰਕ ਵਿੱਚ ਇਕੱਤਰ ਹੋਏ ਐਨਐਚਐਮ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਐਨਐਚਐਮ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀਐਚਓ, ਵੀਰਪਾਲ ਕੌਰ, ਰਾਕੇਸ਼ ਗਰਗ, ਰਣਧੀਰ ਸਿੰਘ, ਅਰੁਣ ਕੁਮਾਰ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਰਾਹ ਪਿਆ ਨਜ਼ਰ ਆ ਰਿਹਾ ਹੈ, ਕਿਉਂਕਿ ਵਿਧਾਨ ਸਭਾ ‘ਚ ਪਾਸ ਕੀਤਾ ਐਕਟ ਅਧੂਰਾ ਹੈ ਤੇ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਖੋਖਲਾ ਹੈ ਕਿਉਂਕਿ ਹਕੀਕਤ ‘ਚ ਸਰਕਾਰ ਨੇ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਤੇ ਇਸ ‘ਚ ਅਨੇਕਾ ਬੇਲੋੜੀਆਂ ਸ਼ਰਤਾਂ ਹਨ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਤੱਥਾਂ ਸਹਿਤ ਦੱਸਿਆ ਕਿ ਪੰਜਾਬ ਵਿਧਾਨ ਸਭਾ ‘ਚ ਪਾਸ ਕੀਤਾ ਐਕਟ ਮੁਲਾਜ਼ਮ ਵਿਰੋਧੀ ਐਕਟ ਹੈ ਤੇ ਉਸ ਐਕਟ ਅਨੁਸਾਰ 10 ਸਾਲ ਤੋਂ ਵਿਭਾਗ ‘ਚ ਕੰਮ ਕਰਦੇ ਮੁਲਾਜ਼ਮਾਂ ਨੂੰ ਅੱਗੇ ਤਿੰਨ ਸਾਲ ਲਈ ਮੁੜ ਨਿਗੂਣੀ ਤਣਖਾਹ ਤਹਿਤ ਰੱਖਿਆ ਜਾਵੇਗਾ ਤੇ ਇਹ ਐਕਟ 10 ਸਾਲ ਤੋਂ ਘੱਟ ਸਰਵਿਸ ਵਾਲੇ ਕੱਚੇ ਮੁਲਾਜ਼ਮਾਂ ਲਈ ਬਿੱਲਕੁਲ ਚੁੱਪ ਹੈ। ਇਸ ਮੌਕੇ ਸੰਬੋਧਨ ਕਰਦਿਆਂ ਵੀਰਪਾਲ ਕੌਰ, ਨਰੇਸ਼ ਕੁਮਾਰੀ, ਅਰੁਣ, ਵਿਪਨ ਕੁਮਾਰ, ਡਾ. ਕੁਲਜੀਤ ਸਿੰਘ, ਨਵਦੀਪ ਸਿੰਘ, ਸੁਖਪਾਲ ਸਿੰਘ, ਵਰਿੰਦਰ ਕੌਰ, ਵਿੱਕੀ, ਸੁਖਵਿੰਦਰ ਸਿੰਘ, ਨਰਿੰਦਰ ਪਾਲ, ਨੀਰਜ ਕੁਮਾਰੀ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਕੌਰ, ਸੁਖਪਾਲ ਕੌਰ ਆਦਿ ਨੇ ਚੰਨੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਸਮੂਹ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕੀਤੀ।

Leave a Reply

Your email address will not be published. Required fields are marked *