ਕੇਜਰੀਵਾਲ ਨੇ ਹਾਲੇ ਦੋ ਮਹੀਨੇ ਦਾ ਕੰਮ ਦੇਖਿਆ, ਪਿਕਚਰ ਤਾਂ ਹਾਲੇ ਬਾਕੀ ਹੈ
ਤਪਾ ਮੰਡੀ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਿਸ਼ਵਤਖੋਰੀ ਖ਼ਿਲਾਫ਼ ਪੰਜਾਬ ਦੇ ਨੌਜਵਾਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਣਦੇ ਸਾਰ ਇੰਸਪੈਕਟਰੀ ਰਾਜ ਖ਼ਤਮ ਕਰ ਦਿੱਤਾ ਹੈ। ਸਰਕਾਰ ਦੇ ਹੁਕਮਾਂ ’ਤੇ ਇਸ ਵਾਰ ਦੀਵਾਲੀ ’ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਵਪਾਰੀਆਂ ਨੂੰ ਤੰਗ ਨਹੀਂ ਕੀਤਾ। ਪੰਜਾਬ ’ਚ ਵਪਾਰੀਆਂ ’ਤੇ 48 ਹਜ਼ਾਰ ਟੈਕਸ ਦੇ ਕੇਸ ਚੱਲ ਰਹੇ ਸਨ ਜੋ ਸਾਰੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਦਾ ਰਾਜ ਸਥਾਪਤ ਕਰਾਂਗੇ।
ਚੰਨੀ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੈਨੂੰ ਨਕਲੀ ਕੇਜਰੀਵਾਲ ਦੱਸਦਾ ਹੈ ਜਦਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਨਹੀਂ ਪਤਾ ਅਤੇ ਨਾ ਹੀ ਉਹ ਵਪਾਰੀਆਂ ਦਾ ਦਰਦ ਸਮਝ ਸਕਦਾ ਹੈ, ਨਾ ਹੀ ਉਹ ਕਿਸਾਨਾਂ ਦਾ ਦਰਦ ਸਮਝ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅਜੇ ਤਾਂ ਮੇਰਾ ਦੋ ਮਹੀਨੇ ਦਾ ਕੰਮ ਦੇਖਿਆ ਹੈ, ਪਿਕਚਰ ਤਾਂ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਜਰੀਵਾਲ ਨੂੰ ਪੰਜਾਬ ’ਤੇ ਕਬਜ਼ਾ ਨਹੀਂ ਕਰਨ ਦੇਵਾਂਗੇ।