ਡੇਰਾ ਸੱਚਾ ਸੌਦਾ ਸਿਰਸਾ ਵਲੋਂ ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ
ਬਰਨਾਲਾ, ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਿਲ੍ਹਾ ਬਰਨਾਲਾ ਦੀ ਇਕਾਈ ਦੇ ਡੇਰਾ ਸ਼ਰਧਾਲੂਆਂ ਵੱਲੋਂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਮਹਾਨ ਸਿੱਖਿਆਵਾਂ ‘ਤੇ ਚਲਦਿਆਂ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 100 ਅਤਿ ਲੋੜਵੰਦਾਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਟੇਟ ਕਮੇਟੀ ਮੈਂਬਰ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਸਮੂਹ ਸਾਧ ਸੰਗਤ ਵੱਲੋਂ ਡੇਰੇ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ। ਉਪਰੰਤ ਸਟੇਟ ਕਮੇਟੀ ਮੈਂਬਰ ਕੁਲਦੀਪ ਕੌਰ ਇੰਸਾਂ ਨੇ ਦੱਸਿਆ ਕਿ ਸੰਨ 1948 ‘ਚ ਪਹਿਲੇ ਸੰਤ ਬੇਹਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਨੀਂਹ ਰੱਖੀ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਹੀ ਇਨਸਾਨੀਅਤ ਦੀ ਭਲਾਈ ਕਰਨ ਦਾ ਵੀ ਸੰਦੇਸ਼ ਦਿੱਤਾ। ਜਿਸ ‘ਤੇ ਸਾਧ ਸੰਗਤ ਅੱਜ ਵੀ ਜਿਉਂ ਦੀ ਤਿਉਂ ਪਹਿਰਾ ਦੇ ਰਹੀ ਹੈ। ਉਨਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਯੋਗ ਅਗਵਾਈ ਹੇਠ ਮੌਜੂਦਾ ਸਮੇਂ ਅੰਦਰ 135 ਭਲਾਈ ਕਾਰਜ ਮਾਨਵਤਾ ਦੇ ਹਿੱਤ ਲਈ ਡੇਰਾ ਸੱਚਾ ਸੌਦਾ ਵੱਲੋਂ ਨਿਰਵਿਘਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਭਲਾਈ ਕਾਰਜਾਂ ਦੀ ਲੜੀ ਤੇ ਤਹਿਤ ਹੀ ਦਸੰਬਰ ਦੇ ਮਹੀਨੇ ਹਰ ਸਾਲ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਦਾ ਹੈ। ਜਿਸ ‘ਚ ਪਹੁੰਚਣ ਵਾਲੇ ਸਮੂਹ ਮਰੀਜਾਂ ਦੀਆਂ ਅੱਖਾਂ ਦੇ ਅਪੇ੍ਸ਼ਨ ਤੇ ਉਨਾਂ ਨੂੰ ਦਵਾਈਆਂ ਆਦਿ ਬਿਲਕੁੱਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਮਰੀਜਾਂ ਦੇ ਰਹਿਣ/ਸਹਿਣ ਤੇ ਸਾਂਭ ਸੰਭਾਲ ਦਾ ਜਿੰਮਾ ਵੀ ਸਾਧ ਸੰਗਤ ਖੁਦ ਉਠਾਉਂਦੀ ਹੈ। ਉਨਾਂ ਦੱਸਿਆ ਕਿ ਭਲਾਈ ਕਾਰਜਾਂ ਨੂੰ ਜਾਰੀ ਰੱਖਦਿਆਂ ਸਾਧ ਸੰਗਤ ਵੱਲੋਂ ਐਤਵਾਰ ਨੂੰ ਜ਼ਿਲੇ੍ ਦੇ ਬਲਾਕ ਮਹਿਲ ਕਲਾਂ, ਬਲਾਕ ਬਰਨਾਲਾ/ਧਨੌਲਾ ਤੇ ਬਲਾਕ ਤਪਾ/ਭਦੌੜ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਤੋਂ ਪਹੁੰਚੇ 100 ਲੋੜਵੰਦਾਂ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਸਟੇਟ ਕਮੇਟੀ ਮੈਂਬਰ ਰਾਮ ਲਾਲ ਸ਼ੇਰੀ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਪੂਜਨੀਕ ਗੁਰੂ ਜੀ ਦੀ ਅਗਵਾਈ ਹੇਠ ਚੱਲ ਰਿਹਾ ਮਾਨਵਤਾ ਭਲਾਈ ਕਾਰਜਾਂ ਦਾ ਕਾਰਵਾਂ ਪਹਿਲਾਂ ਦੀ ਤਰਾਂ ਅੱਗੇ ਵੀ ਨਿਰੰਤਰ ਤੇ ਨਿਰਵਿਘਨ ਜਾਰੀ ਰਹੇਗਾ। ਇਸ ਮੌਕੇ ਨੀਲਮ ਇੰਸਾਂ ਮਹਿਲ ਕਲਾਂ, ਗੁਰਮੇਲ ਇੰਸਾਂ ਬਰਨਾਲਾ, ਜਸਵਿੰਦਰ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ (ਸਾਰੇ ਸਟੇਟ ਕਮੇਟੀ ਮੈਂਬਰ), ਬਲਾਕ ਬਰਨਾਲਾ/ਧਨੌਲਾ ਦੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ, ਬਲਾਕ ਮਹਿਲ ਕਲਾਂ ਦੇ ਭੰਗੀਦਾਸ ਹਜੂਰਾ ਸਿੰਘ ਇੰਸਾਂ, ਬੁੱਧ ਸਿੰਘ ਇੰਸਾਂ ਆਦਿ ਤੋਂ ਇਲਾਵਾ ਪਿੰਡਾਂ/ਸ਼ਹਿਰਾਂ ਦੇ ਜਿੰਮੇਵਾਰ ਤੇ ਲੋੜਵੰਦ ਪਰਿਵਾਰ ਹਾਜ਼ਰ ਸਨ।