ਬਰਨਾਲਾ ਦੇ ਵਪਾਰੀ ਪਰਿਵਾਰ ਨੂੰ ਮਾਰਨ ਦਾ ਦੋਸ਼, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬਰਨਾਲਾ : ਬਰਨਾਲੇ ਦੇ ਇਕ ਵਪਾਰੀ ਵਲੋਂ ਆਪਣੀ ਨੂੰਹ ਮਾਰਨ ਦੇ ਦੋਸ਼ ਤਹਿਤ ਪੰਚਕੂਲਾ ਥਾਣੇ ਵਿਖੇ ਮਾਮਲਾ ਦਰਜ ਕਰ ਪੁਲਿਸ ਵਲੋਂ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਮ੍ਰਿਤਕਾ ਦੇ ਸੱਸ ਤੇ ਸਹੁਰਾ ਫ਼ਰਾਰ ਹਨ। ਧੂਰੀ ਵਾਸੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇਹਾ ਸਾਲ 2012 ’ਚ ਬਰਨਾਲਾ ਵਿਖੇ ਪੁਨੀਤ ਕੁਮਾਰ ਪੁੱਤਰ ਸ਼ਿਵ ਕੁਮਾਰ ਸੰਘੇੜਿਆਂ ਵਾਲੇ ਨਾਲ ਵਿਆਹੀ ਸੀ। ਵਿਆਹ ਉਪਰੰਤ ਇਹ ਪਰਿਵਾਰ ਪੰਚਕੂਲੇ ਵਿਖੇ ਜਾਕੇ ਰਹਿਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਮੇਰੀ ਧੀ ਦਾ ਸਹੁਰਾ ਪਰਿਵਾਰ ਦਾਜ ਲਈ ਤੰਗ ਪਰੇਸ਼ਾਨ ਕਰਦਾ ਸੀ। ਪਿਛਲੇ ਦਿਨੀਂ 26 ਨਵੰਬਰ ਨੂੰ ਸਾਨੂੰ ਪੰਚਕੂਲੇ ਤੋਂ ਫ਼ੋਨ ਆਇਆ ਕਿ ਤੁਹਾਡੀ ਲੜਕੀ ਨੇ ਆਤਮ ਹੱਤਿਆ ਕਰ ਲਈ ਹੈ।
ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਆਇਆ ਇਹ ਦੁੱਖ ਭਰਿਆ ਸੁਨੇਹਾ ਸੁਣ ਸਾਨੂੰ ਸ਼ੱਕ ਹੋ ਗਿਆ ਕਿ ਸਾਡੀ ਲੜਕੀ ਅਜਿਹਾ ਨਹੀਂ ਕਰ ਸਕਦੀ। ਜਦ ਉਹ ਪੰਚਕੂਲੇ ਪੁੱਜੇ ਤਾਂ ਆਲੇ ਦੁਆਲੇ ਦੇ ਹਾਲਾਤਾਂ ਨੂੰ ਦੇਖਕੇ ਉਨ੍ਹਾਂ ਦਾ ਸ਼ੱਕ ਯਕੀਨ ’ਚ ਬਦਲ ਗਿਆ ਕਿ ਉਨ੍ਹਾਂ ਦੀ ਧੀ ਨੇਹਾ ਨੇ ਖੁ਼ਦਕੁਸ਼ੀ ਨਹੀ ਕੀਤੀ, ਬਲਕਿ ਸਹੁਰਾ ਪਰਿਵਾਰ ਵਲੋਂ ਉਸਦਾ ਕਤਲ ਕੀਤਾ ਗਿਆ ਹੈ। ਜਿਸ ਦੌਰਾਨ ਉਨ੍ਹਾਂ ਪੰਚਕੂਲਾ ਪੁਲਿਸ ਕੋਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਤਾਂ ਪੁਲਿਸ ਨੇ ਜਾਂਚ ਦੌਰਾਨ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਮ੍ਰਿਤਕ ਨੇਹਾ ਦੇ ਕਾਤਲਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਨੇਹਾ ਦੇ ਪਤੀ ਪੁਨੀਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸੱਸ ਨੀਲਮ ਰਾਣੀ ਤੇ ਸਹੁਰਾ ਸ਼ਿਵ ਕੁਮਾਰ ਫ਼ਰਾਰ ਹਨ। ਐਤਵਾਰ ਨੂੰ ਮ੍ਰਿਤਕ ਨੇਹਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸਦੇ ਪੇਕੇ ਪਿੰਡ ਧੂਰੀ ਦੇ ਰਾਮਬਾਗ ਵਿਖੇ ਉਸਦੇ ਪਰਿਵਾਰ ਵਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਸਸਕਾਰ ਮੌਕੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਤੇ ਵਪਾਰੀ ਆਗੂ ਦੀਪਕ ਬਾਂਸਲ ਸਣੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ’ਚ ਸ਼ਾਮਲ ਹੋਈਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਬਰਨਾਲਾ ਦੇ ਇਸ ਵਪਾਰੀ ਵਲੋਂ ਨੂੰਹ ਦਾ ਕਤਲ ਕਰਨ ’ਤੇ ਜਿੱਥੇ ਘੋਰ ਨਿਖੇਧੀ ਕੀਤੀ, ਊੱਥੇ ਹੀ ਪੰਚਕੂਲਾ ਪੁਲਿਸ ਨੂੰ ਬਾਕੀ ਫ਼ਰਾਰ ਹੋਏ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਮ੍ਰਿਤਕ ਨੇਹਾ ਨੂੰ ਇਨਸਾਫ਼ ਦਵਾਉਣ ਦੀ ਮੰਗ ਕੀਤੀ।