ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਠੋਸ ਰਣਨੀਤੀ ਉਲੀਕਣ ਦੀ ਹਦਾਇਤ
ਕਿਸਾਨਾਂ ਲਈ ਢੁਕਵੀਂ ਮਸ਼ੀਨਰੀ ਦੇ ਨਾਲ ਨਾਲ ਨੁੱਕੜ ਮੀਟਿੰਗਾਂ ’ਤੇ ਦਿੱਤਾ ਜ਼ੋਰ
ਬਰਨਾਲਾ, 7 ਸਤੰਬਰ
ਝੋਨੇ ਦੇ ਆਗਾਮੀ ਸੀਜ਼ਨ ਦੇ ਮੱਦੇਨਜ਼ਰ ਪਰਾਲੀ ਪ੍ਰਬੰਧਨ ਲਈ ਠੋਸ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਅੱਜ ਖੇਤੀਬਾੜੀ ਸਣੇ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਸੱਦੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਨੂੰ ਨਵੀਂ ਮਸ਼ੀਨਰੀ ਸਮੇਂ ਸਿਰ ਮਿਲਣੀ ਯਕੀਨੀ ਬਣਾਉਣ ਦੇ ਨਾਲ ਨਾਲ ਮਸ਼ੀਨਾਂ ਦਾ ਪੂਰਾ ਲਾਹਾ ਕਿਸਾਨਾਂ ਨੂੰ ਦਿਵਾਉਣ ਲਈ ਆਖਿਆ ਗਿਆ। ਉਨਾਂ ਕਿਹਾ ਕਿ ਪਰਾਲੀ ਦੇ ਜ਼ਮੀਨ ਵਿਚ ਰਲੇਵੇਂ ਦੇ ਨਾਲ ਨਾਲ ਗੱਠਾਂ ਬਣਾ ਕੇ ਪਾਵਰ ਪਲਾਟਾਂ ਨੰੂ ਦੇਣ ਬਾਰੇ ਵੀ ਮੀਟਿੰਗਾਂ ਛੇਤੀ ਕੀਤੀਆਂ ਜਾਣ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਨਾਲ ਢੁਕਵੀਂ ਮਸ਼ੀਨਰੀ ਉਪਲੱਬਧ ਹੋਣੀ ਯਕੀਨਂੀ ਬਣਾਈ ਜਾਵੇ।
ਉਨਾਂ ਕਿਹਾ ਕਿ ਇਸ ਦੇ ਨਾਲ ਨਾਲ ਵੱਖ ਵੱਖ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਖੇਤਰ ਵੰਡੇ ਜਾਣ ਅਤੇ ਹੌਟਸਪੋਟ ਖੇਤਰਾਂ ’ਚ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰੰਘ ਨੇ ਦੱਸਿਆ ਕਿ 2022-23 ਸਾਲ ਅਧੀਨ ਝੋਨੇ ਅਧੀਨ ਕੁੱਲ ਰਕਬਾ 1,16,000 ਹੈਕਟੇਅਰ ਹੈ। ਉਨਾਂ ਦੱਸਿਆ ਕਿ ਪੁਰਾਣੀਆਂ ਮਸ਼ੀਨਾਂ ਤੋਂ ਬਿਨਾਂ ਨਵੀਆਂ 250 ਦੇ ਕਰੀਬ ਮਸ਼ੀਨਾਂ ਕਿਸਾਨਾਂ ਨੂੰ ਮਿਲਣੀਆਂ ਹਨ।
ਇਸ ਮੌਕੇ ਟ੍ਰਾਈਡੈਂਟ ਪ੍ਰਬੰਧਕਾਂ ਨੇ ਦੱਸਿਆ ਕਿ ਉਨਾਂ ਵੱਲੋਂ ਕਰੀਬ 15000 ਟਨ ਝੋਨੇ ਦੀ ਪਰਾਲੀ ਕਿਸਾਨਾਂ ਤੋਂ ਗੱਠਾਂ ਦੇ ਰੂਪ ’ਚ ਲਈ ਜਾਣੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੇਤੀ ਅਤੇ ਸਹਿਕਾਰਤਾ ਅਧਿਕਾਰੀਆਂ ਨੂੰ ਨੇੜਲੇ ਜ਼ਿਲਿਆਂ ਦੇ ਪਾਵਰ ਪਲਾਟਾਂ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਲਈ ਆਖਿਆ ਤਾਂ ਜੋ ਪਰਾਲੀ ਦਾ ਢੁਕਵਾਂ ਪ੍ਰਬੰਧਨ ਹੋਵੇ ਅਤੇ ਜ਼ਿਲਾ ਬਰਨਾਲਾ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਸਾਹਮਣੇ ਨਾ ਆਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।