News

ਐਨਐਚਐਮ ਮੁਲਾਜ਼ਮਾਂ ਨੇ ਚੜ੍ਹਦੇ ਵਰ੍ਹੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਪੰਜਾਬ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਦੋਸ਼ ਲਾਉਂਦਿਆਂ ਸੰਘਰਸ਼ ਨੂੰ ਸਾਲ ਦੇ ਪਹਿਲੇ ਦਿਨ ਤਿੱਖਾ ਕਰਨ ਦਾ ਕੀਤਾ ਐਲਾਨ

ਬਰਨਾਲਾ ,1 ਜਨਵਰੀ ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ ) ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ ‘ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਮੁਲਾਜ਼ਮਾਂ ਵੱਲੋਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤੀ।ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਵੇਂ ਸਾਲ ਦਾ ਆਗਾਜ਼ ਕਰਦਿਆਂ ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਅੱਜ ਨਵੇਂ ਸਾਲ ਦੀ ਸ਼ੁਰੂਆਤ ਆਮ ਤੌਰ ‘ਤੇ ਇੱਕ ਦੂਜੇ ਨੂੰ ਵਧਾਈਆਂ ਦੇ ਸੰਦੇਸ਼ ਦਿੰਦਿਆਂ ਕੀਤੀ ਜਾਂਦੀ ਹੈ ਅਤੇ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ਼ੁੱਭ ਕੰਮ ਕਰਕੇ ਕੀਤੀ ਜਾਂਦੀ ਹੈ ਪਰ ‘ਕੱਚੇ’ ਹੋਣ ਦਾ ਸੰਤਾਪ ਹੰਢਾਉਣ ਕਾਰਨ ਉਹ ਚੰਨੀ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਰਹੇ ਹਨ।ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਾਂਗ ਚੰਨੀ ਸਰਕਾਰ ਵੀ ਸਿਰਫ ਫੋਕੇ ਵਾਅਦੇ ਅਤੇ ਫੋਕੇ ਲਾਰੇ ਲਾ ਕੇ ਡੰਗ ਟਪਾਈ ਕਰ ਰਹੀ ਹੈ ਜਿਸਨੂੰ ਨਵੇਂ ਸਾਲ ਦੇ ਪਹਿਲੇ ਹਫਤੇ ਹੀ ਘੇਰਿਆ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਐਨਐਚਐਮ ਯੂਨੀਅਨ ਦੇ ਜਿਲ੍ਹਾ ਆਗੂ ਕਮਲਜੀਤ ਕੌਰ ਪੱਤੀ,ਸੰਦੀਪ ਕੌਰ ਸੀਐਚਓ,ਹਰਜੀਤ ਸਿੰਘ,ਮਨਜਿੰਦਰ ਸਿੰਘ,ਨਵਦੀਪ ਸਿੰਘ,ਮਨਦੀਪ ਕੌਰ,ਜਸਵਿੰਦਰ ਸਿੰਘ,ਰਾਕੇਸ਼ ਕੁਮਾਰ,ਯਾਦਵਿੰਦਰ ਸਿੰਘ,ਵਿਪਨ,ਵੀਰਪਾਲ ਕੌਰ,ਨਰਿੰਦਰ ਸਿੰਘ,ਸੁਖਪਾਲ ਸਿੰਘ,ਰੁਪਿੰਦਰ ਕੌਰ,ਦਲਵੀਰ ਸਿੰਘ ਆਦਿ ਨੇ ਕਿਹਾ ਕਿ ਯੋਗਤਾ ਅਨੁਸਾਰ ਰੁਜ਼ਗਾਰ ਅਤੇ ਰੁਜ਼ਗਾਰ ਅਨੁਸਾਰ ਮਿਹਨਤਾਨਾ ਹਰ ਨਾਗਰਿਕ ਦਾ ਬੁਨਿਆਦੀ ਅਧਿਕਾਰ ਹੈ ਪਰ ਸਾਡੇ ਮੁਲਕ ਵਿੱਚ ਯੋਗਤਾ ਹੋਣ ਦੇ ਬਾਵਜੂਦ ਬਣਦਾ ਮਿਹਨਤਾਨਾ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਪੜ੍ਹੇ ਲਿਖੇ ਲੱਖਾਂ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਖਿੱਧ ਕਾਰਗੁਜਾਰੀ ਦਾ ਸਿੱਟਾ ਹੈ ਕਿ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੌਜਵਾਨਾਂ ਨੂੰ ਆਪਣਾ ਮੁਲਕ ਛੱਡ ਵਿਦੇਸ਼ ਜਾਣਾ ਪੈ ਰਿਹਾ ਹੈ ਤੇ ਜੇਕਰ ਪੰਜਾਬ ਵਿੱਚ ਹੀ ਪੂਰੀਆਂ ਤਣਖਾਹਾਂ ਅਤੇ ਭੱਤੇ ਮਿਲਣ ਤਾਂ ਨੌਜਵਾਨ ਇੱਥੇ ਹੀ ਕੰਮ ਕਰਨ ਨੂੰ ਤਰਜ਼ੀਹ ਦੇ ਸਕਦੇ ਹਨ।
ਐਨਐਚਐਮ ਕਾਮਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ
ਕੀਤਾ ਸੀ ਤੇ ਫਿਰ 36 ਹਜ਼ਾਰ ਕਾਮੇ ਪੱਕੇ ਕਰਨ ਦਾ ਐਕਟ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਸੀ ਪਰ ਹੁਣ ਸਰਕਾਰ ਉਸ ਐਕਟ ਤਹਿਤ ਰੈਗੂਲਰ ਕਰਨ ਤੋਂ ਵੀ ਭੱਜ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕਰਦੀ ਤਦ ਤੱਕ ਸਰਕਾਰ ਕੱਚੇ ਕਾਮਿਆਂ ਨੂੰ ਪੂਰੇ ਪੇਅ ਸਕੇਲ ਤਹਿਤ ‘ਬਰਾਬਰ ਕੰਮ,ਬਰਾਬਰ ਤਣਖਾਹ’ ਦੀ ਨੀਤੀ ਲਾਗੂ ਕਰ ਸਕਦੀ ਹੈ ਤੇ ਇਹ ਨੀਤੀ ਗੁਆਂਢੀ ਸੂਬੇ ਹਰਿਆਣਾ ਵਿੱਚ ਲਾਗੂ ਕੀਤੀ ਹੋਈ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕੱਚੇ ਸਿਹਤ ਮੁਲਾਜ਼ਮਾਂ ਨੂੰ ਬਣਦੇ ਪੇਅ ਸਕੇਲ ਲਾਗੂ ਨਾ ਕੀਤੇ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਜ ਟਾਲ ਮਟੋਲ ਦੀ ਨੀਤੀ ਅਪਣਾ ਕੇ ਕੁੱਝ ਦਿਨ ਲੰਘਾ ਰਹੀ ਹੈ ਜਿਸ ਬਾਅਦ ਸਰਕਾਰ ਚੋਣ ਜ਼ਾਬਤਾ ਲੱਗਣ ਦਾ ਬਹਾਨਾ ਬਣਾ ਕੇ ਲੋਕ ਮਸਲਿਆਂ ਤੋਂ ਕਿਨਾਰਾ ਕਰਨ ਬਾਰੇ ਸੋਚ ਰਹੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਚੇ ਕਾਮੇ ਪੱਕੇ ਨਾ ਕੀਤੇ ਤਾਂ ਕੱਚੇ ਕਾਮੇ ਚੋਣ ਜ਼ਾਬਤਾ ਲੱਗਣ ਉਪਰੰਤ ਵੀ ਚੁੱਪ ਚਾਪ ਨਹੀਂ ਬੈਠਣਗੇ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਮੈਦਾਨ ਇਸੇ ਤਰ੍ਹਾਂ ਮੱਲਣਗੇ ਤੇ ਪੰਜਾਬ ਦੇ ਲੋਕਾਂ ਅੱਗੇ ਚੰਨੀ ਸਰਕਾਰ ਦੇ ਝੂਠਾਂ ਨੂੰ ਉਜਾਗਰ ਕਰਨਗੇ।

ਅੰਮ੍ਰਿਤਸਰ ਸਾਹਿਬ ਵਿਖੇ ਸੰਘਰਸ਼ ਕਰ ਰਹੇ ਕੱਚੇ ਸਿਹਤ ਮੁਲਾਜ਼ਮਾਂ ‘ਤੇ ਸਰਕਾਰੀ ਸ਼ਹਿ ਪ੍ਰਾਪਤ ਡਰਾਈਵਰ ਵੱਲੋਂ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਕੱਚੇ ਮੁਲਾਜ਼ਮਾਂ ਦਾ ਸੰਘਰਸ਼ ਕੁਚਲਣ ਲਈ ਲਖੀਮਪੁਰ ਖੀਰੀ ਵਰਗੀ ਘਟਨਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੌਕੇ ਨਰੇਸ਼ ਕੁਮਾਰੀ,ਨੀਲੂ,ਵਿੱਕੀ,ਸੁਖਵਿੰਦਰ ਸਿੰਘ,ਨਰਿੰਦਰ ਪਾਲ,ਨੀਰਜ ਕੁਮਾਰੀ,ਸੁਰਜੀਤ ਸਿੰਘ,ਸੰਜੀਵ ਕੁਮਾਰ,ਨਵਦੀਪ ਕੌਰ,ਜਸਵਿੰਦਰ ਸਿੰਘ,ਸੀਮਾ,ਸਿਮਰਜੀਤ ਕੌਰ,ਸਰਬਜੀਤ ਕੌਰ,ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ

Leave a Reply

Your email address will not be published. Required fields are marked *