ਬਿਜਲੀ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
ਸ਼ਹਿਣਾ, ਬੁੱਧਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਸ਼ਹਿਣਾ ਦੇ ਸਮੂਹ ਕਲੈਰੀਕਲ ਤੇ ਟੈਕਨੀਕਲ ਕਾਮਿਆਂ ਨੇ ਸਮੂਹ ਸੰਘਰਸ਼ੀਲ ਜਥੇਬੰਦੀਆਂ ਨਾਲ ਹੋਏ ਸਮਝੌਤੇ ਅਨੁਸਾਰ ਪੇ-ਬੈਂਡ ਦੇਣ ਦਾ ਪਾਵਰਕਾਮ ਮੈਨੇਜਮੈਂਟ ਵਲੋਂ ਸਰਕੂਲਰ ਜਾਰੀ ਨਾ ਕਰਨ ਦੇ ਰੋਸ ਵਜੋਂ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਕੇ ਚੰਨੀ ਸਰਕਾਰ ਤੇ ਪਾਵਰਕਾਮ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਭਗਤਪੁਰਾ, ਮਹਿੰਦਰ ਸਿੰਘ ਜੋਧਪੁਰ ਤੇ ਬੂਟਾ ਸਿੰਘ ਨਾਈਵਾਲ ਨੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜੱਥੇਬੰਦੀਆਂ ਨਾਲ ਹੋਏ ਪੇ-ਬੈਂਡ ਦੇ ਸਮਝੌਤੇ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਬਹੁਤ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਸਮੇਂ ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਨਵੇਂ ਰੱਖੇ ਹੋਏ ਮੁਲਾਜ਼ਮਾਂ ਨੂੰ ਨਾ ਤਾਂ ਯੂਨਿਟਾਂ ਦੀ ਮੁਆਫੀ ਹੈ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ। ਰਾਜਿੰਦਰ ਸਿੰਘ ਤਪਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਅਦਾਲਤਾਂ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਤੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਲਾਈਨਮੈਨ ਤੋਂ ਜੇਈ ਦੀ ਪ੍ਰਮੋਸ਼ਨ, ਸੀਨੀਅਰਤਾ ਸੂਚੀ ਜਲਦੀ ਜਾਰੀ ਕਰਨੀ ਚਾਹੀਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਭੋਤਨਾ, ਬਲਦੇਵ ਸਿੰਘ, ਜਗਤਾਰ ਸਿੰਘ, ਪ੍ਰਦੀਪ ਸਿੰਘ, ਰਣਜੀਤ ਸਿੰਘ, ਪਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।