ਖੇਤੀ ਕਾਨੂੰਨ ਪਾਰਲੀਮੈਂਟ ‘ਚ ਰੱਦ ਹੋਣ ਤਕ ਡਟੇ ਰਹਿਣ ਕਿਸਾਨ : ਬੀਹਲਾ
ਯੂਥ ਅਕਾਲੀ ਦਲ ਨੇ ਖੇਤੀ ਕਾਨੂੰੂਨ ਵਾਪਸ ਹੋਣ ‘ਤੇ ਵੰਡੇ ਲੱਡੂ
ਬਰਨਾਲਾ, ਕੇਂਦਰ ਸਰਕਾਰ ਨੇ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕਿਸਾਨਾਂ ਦੇ ਲਗਾਤਾਰ ਵਧ ਰਹੇ ਦਬਾਅ ਕਾਰਨ ਲਿਆ। ਕਿਉਂਕਿ ਦੇਸ਼ ਦਾ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੇ ਬਾਰਡਰਾਂ ‘ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਿਹਾ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ੍ਹ ਕਿਹਾ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਖੇਤੀ ਵਿਰੁੱਧ ਕਾਲੇ ਕਾਨੂੰਨ ਪਾਸ ਕੀਤੇ ਸਨ, ਉਸੇ ਦਿਨ ਤੋਂ ਹੀ ਸ਼ੋ੍ਮਣੀ ਅਕਾਲੀ ਦਲ ਹੱਕਾਂ ਦੀ ਲੜਾਈ ਲੜਦਾ ਹੋਇਆ ਭਾਜਪਾ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਜਿੱਥੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿੱਤਾ, ਉਥੇ ਸ਼ੋ੍ਮਣੀ ਅਕਾਲੀ ਦਲ ਨੇ 40 ਸਾਲ ਪੁਰਾਣਾ ਭਾਜਪਾ ਨਾਲ ਗੱਠਜੋੜ ਤੋੜ ਕੇ ਕਿਸਾਨਾਂ ਨਾਲ ਖੜ੍ਹਨ ਦਾ ਡਟ ਕੇ ਫ਼ੈਸਲਾ ਲਿਆ। ਉਨਾਂ੍ਹ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ, ਹਰਿਆਣਾ ਤੇ ਹੋਰਨਾਂ ਸਟੇਟਾਂ ਦੇ ਕਿਸਾਨਾਂ ਚ ਫੁੱਟ ਪਾਉਣ ਦੀ ਕੋਸ਼ਿਸ਼ ‘ਚ ਸੀ, ਜਿਸ ਨੂੰ ਕਿਸਾਨਾਂ ਨੇ ਬੜੀ ਸਮਝਦਾਰੀ ਨਾਲ ਬੇਪਰਦਾ ਕਰ ਦਿੱਤਾ ਤੇ ਭਾਈਚਾਰਕ ਸਾਂਝ ਕਾਇਮ ਰੱਖੀ। ਉਨਾਂ੍ਹ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਕਹਿ ਕੇ ਜ਼ੁਲਮ ਦੇ ਖ਼ਲਿਾਫ਼ ਆਵਾਜ਼ ਚੁੱਕੀ ਸੀ, ਜੋ ਨਿਰੰਤਰ ਜਾਰੀ ਹੈ, ਅੱਜ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਦੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਹੋਈਆਂ ਸ਼ਹਾਦਤਾਂ ਨੂੰ ਸ਼ੋ੍ਮਣੀ ਅਕਾਲੀ ਦਲ ਸਿਜਦਾ ਕਰਦਾ ਹੈ ਤੇ ਕਿਸਾਨਾਂ ਵੱਲੋਂ ਲੜੇ ਇਸ ਸੰਘਰਸ਼ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਹੈ। ਸ਼ੋ੍ਮਣੀ ਅਕਾਲੀ ਦਲ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਤੇ ਅੱਗੇ ਤੋਂ ਵੀ ਜੇਕਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਦੀ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਜਿਸ ਐਮ ਐਸ ਪੀ ਦੀ ਲੜਾਈ ਸੀ ਉਸਨੂੰ 1966 ‘ਚ ਸ਼ੋ੍ਮਣੀ ਅਕਾਲੀ ਦਲ ਨੇ ਮੋਰਚਾ ਲਾਕੇ ਲਾਗੂ ਕਰਵਾਇਆ ਸੀ। ਉਨਾਂ੍ਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਕਿਸਾਨਾਂ ਦੀ ਹੋਈ ਸ਼ਾਨਾਮੱਤੀ ਜਿੱਤ ਲਈ ਵਧਾਈ ਦਿੰਦਿਆਂ ਪਾਰਲੀਮੈਂਟ ‘ਚ ਲਿਖਤੀ ਕਾਨੂੰਨ ਰੱਦ ਹੋਣ ਤੱਕ ਡਟੇ ਰਹਿਣ ਦੀ ਅਪੀਲ ਕੀਤੀ।