ਹਰ ਘਰ ਦਸਤਕ ਮੁਹਿੰਮ ਤਹਿਤ ਟੀਕਾਕਰਨ ਜਾਰੀ
ਬਰਨਾਲਾ
ਜ਼ਿਲ੍ਹਾ ਬਰਨਾਲਾ ‘ਚ ਹਰ ਘਰ ਦਸਤਕ ਮੁਹਿੰਮ ਤਹਿਤ ਕੋਰੋਨਾ ਵਿਰੁੱਧ ਟੀਕਾਕਰਨ ਜਾਰੀ ਹੈ। 30 ਨਵੰਬਰ ਤੱਕ ਚਲਾਈ ਜਾਣ ਵਾਲੀ ਇਸ ਮੁਹਿੰਮ ਤਹਿਤ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ 100 ਫੀਸਦੀ ਕੋਰੋਨਾ ਟੀਕਾਕਰਣ ਦੇ ਟੀਚੇ ਨੂੰ ਪੂਰਾ ਕਰਨ ਲਈ ਯਤਨ ਜਾਰੀ ਹਨ। ਇਸ ਤਹਿਤ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਪਤਨੀ ਤੇ ਹਸਪਤਾਲ ਵੈਲਫੇਅਰ ਸੈਕਸ਼ਨ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਦੀ ਚੇਅਰਪਰਸਨ ਜਯੋਤੀ ਸਿੰਘ ਰਾਜ ਨੇ ਪਿੰਡ ਉੱਪਲੀ ਤੇ ਹਰੀਗੜ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਦੱਸਿਆ ਕਿ ਦੋਵਾਂ ਪਿੰਡਾਂ ‘ਚ ਸਿਹਤ ਵਿਭਾਗ ਤੇ ਪੰਚਾਇਤ ਦੇ ਸਾਂਝੇ ਉੱਦਮ ਨਾਲ ਟੀਕਾਕਰਨ ਦੀ ਦੂਜੀ ਖੁਰਾਕ ਸਾਰਿਆਂ ਨੂੰ ਲਗਵਾਈ ਜਾ ਰਹੀ ਹੈ। ਉਨਾਂ ਬਾਕੀ ਰਹਿੰਦੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਦੂਜੀ ਖੁਰਾਕ ਲਗਵਾ ਕੇ ਆਪਣਾ ਟੀਕਾਕਰਣ ਸੰਪੂਰਨ ਕਰਵਾਉਣ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਤਾਇਨਾਤ ਕੀਤੇ ਗਏ ਹੋਰ ਵੱਖ ਵੱਖ ਅਧਿਕਾਰੀਆਂ ਨੇ ਵੀ ਸਬੰਧਿਤ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕੀਤਾ ਤੇ ਜਿਹੜੇ ਵਿਅਕਤੀਆਂ ਨੇ ਕੋਰੋਨਾ ਵੈਕਸੀਨੇਸ਼ਨ ਨਹੀਂ ਕਰਵਾਈ, ਉਨਾਂ ਦਾ ਟੀਕਾਕਰਨ ਮੌਕੇ ‘ਤੇ ਹੀ ਕੀਤਾ ਜਾ ਰਿਹਾ ਹੈ।