ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਆਪਣੀ ਪਾਰਟੀ ਦੇ ਦਫ਼ਤਰ ਦਾ ਕਰਨਗੇ ਸ਼ੁੱਭ ਆਰੰਭ
ਚੰਡੀਗੜ੍ਹ : ਕਾਂਗਰਸ ਛੱਡ ਕੇ ‘ਪੰਜਾਬ ਲੋਕ ਕਾਂਗਰਸ ਪਾਰਟੀ’ ਬਣਾ ਕੇ 2022 ਦੇ ਚੋਣ ਦੰਗਲ ਦੀ ਤਿਆਰੀ ਕਰ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸੈਕਟਰ 9 ’ਚ ਪਾਰਟੀ ਦੇ ਦਫਤਰ ਦਾ ਸ਼ੁੱਭ ਆਰੰਭ ਕਰਨਗੇ। ਕੈਪਟਨ ਹੁਣ ਇਸੇ ਦਫਤਰ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਚਲਾਉਣਗੇ। ਪਾਰਟੀ ਦਫਤਰ ਦੇ ਸ਼ੁੱਭ ਆਰੰਭ ਤੋਂ ਬਾਅਦ ਅਧਿਕਾਰਤ ਰੂਪ ’ਚ ਰਾਜਨੀਤੀ ’ਚ ਸਰਗਰਮੀ ਵਧਾਉਣਗੇ।
ਮਹੱਤਵਪੂਰਨ ਗੱਲ ਇਹ ਵੀ ਹੈ ਕਿ ਜਦੋਂ ਕੈਪਟਨ ਆਪਣੇ ਦਫਤਰ ਦਾ ਸ਼ੁੱਭ ਆਰੰਭ ਕਰਨਗੇ ਤਾਂ ਉਨ੍ਹਾਂ ਦੇ ਨਾਲ ਕਿਹੜੇ-ਕਿਹੜੇ ਸਿਆਸੀ ਚਿਹਰੇ ਹੋਣਗੇ। ਕੀ ਉਨ੍ਹਾਂ ਦੀ ਪਤਨੀ ਤੇ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਵੀ ਇਸ ਮੌਕੇ ਮੌਜੂਦ ਹੋਵੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਕਈ ਆਗੂਆਂ ਨੂੰ ਆਪਣੀ ਪਾਰਟੀ ਵਿਚ ਲਿਆਉਣ ਦਾ ਦਾਅਵਾ ਤਾਂ ਕਰ ਚੁੱਕੇ ਹਨ ਪਰ ਦੇਖਣਾ ਹੁਣ ਇਹ ਹੋਵੇਗਾ ਕਿ ਉਨ੍ਹਾਂ ਦੀ ਨਵੀਂ ਸਿਆਸੀ ਪਾਰਟੀ ਦੀ ਓਪਨਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ।
ਕੈਪਟਨ ਦੇ ਦਾਅਵਿਆਂ ਦੇ ਉਲਟ ਹਾਲੇ ਤਕ ਕੋਈ ਵੀ ਵੱਡਾ ਚਿਹਰਾ ਕੈਪਟਨ ਨਾਲ ਖੜ੍ਹਾ ਨਜ਼ਰ ਨਹੀਂ ਆ ਰਿਹਾ। ਉਥੇ ਦੇਖਣਾ ਇਹ ਵੀ ਹੋਵੇਗਾ ਕਿ ਕੱਲ੍ਹ ਉਨ੍ਹਾਂ ਦੇ ਦਫਤਰ ਦੇ ਸ਼ੁੱਭ ਆਰੰਭ ਮੌਕੇ ਕੀ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਖੜ੍ਹੀ ਨਜ਼ਰ ਆਵੇਗੀ। ਹਾਲਾਂਕਿ ਕਈ ਮੌਕਿਆਂ ’ਤੇ ਪਰਨੀਤ ਕੌਰ ਕੈਪਟਨ ਨਾਲ ਖੜ੍ਹੇ ਹੋਣ ਦਾ ਸੰਕੇਤ ਦੇ ਚੁੱਕੀ ਹੈ
ਇਹੀ ਕਾਰਨ ਹੈ ਕਿ ਪਾਰਟੀ ਦੇ ਸਕੱਤਰ ਤੇ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਹਾਲਾਂਕਿ ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਰਨੀਤ ਨੇ ਇਸ ਨੋਟਿਸ ਦਾ ਜਵਾਬ ਦਿੱਤਾ ਜਾਂ ਨਹੀਂ। ਉਥੇ ਕਾਂਗਰਸ ਦੇ ਨਜ਼ਦੀਕੀ ਇਹ ਕਹਿ ਰਹੇ ਹਨ ਕਿ ਜਦੋਂ ਤਕ ਰਾਜ ਵਿਚ ਚੋਣ ਜ਼ਾਬਤਾ ਲਾਗੂ ਨਹੀਂ ਹੋ ਜਾਂਦਾ, ਤਦ ਤਕ ਸਹੀ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆਵੇਗੀ। ਇਹੀ ਕਾਰਨ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਪਰਨੀਤ ਕੌਰ ਕੱਲ੍ਹ ਕੈਪਟਨ ਦੇ ਦਫਤਰ ਦੇ ਉਦਘਾਟਨ ਮੌਕੇ ਮੌਜੂਦ ਨਾ ਹੋਣ ਜਿਸ ਦੇ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ, ਇਸ ਲਈ ਉਹ ਸੰਸਦ ਵਿਚ ਹੋਵੇਗੀ।
ਉਥੇ ਕੈਪਟਨ ਦੀ ਅਗਲੇ ਤਿੰਨ-ਚਾਰ ਦਿਨਾਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ। ਬੀਤੇ ਕੱਲ੍ਹ ਵੀ ਅਮਿਤ ਸ਼ਾਹ ਨੇ ਵੀ ਕਹਿ ਦਿੱਤਾ ਸੀ ਕਿ ਗੱਠਜੋੜ ਨੂੰ ਲੈ ਕੇ ਉਨ੍ਹਾਂ ਦੀ ਕੈਪਟਨ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ। ਕੈਪਟਨ ਅਤੇ ਅਮਿਤ ਸ਼ਾਹ ਦੀ ਮੀਟਿੰਗ ਪਹਿਲਾਂ 4 ਦਸੰਬਰ ਨੂੰ ਤੈਅ ਹੋਈ ਸੀ ਪਰ ਬਾਅਦ ਵਿਚ ਇਸ ਨੂੰ ਟਾਲ ਦਿੱਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਆਪਣੀ ਪਾਰਟੀ ਖੋਲ੍ਹਣ ਤੋਂ ਬਾਅਦ ਕੈਪਟਨ 2022 ਨੂੰ ਲੈ ਕੇ ਆਪਣੇ ਸਿਆਸੀ ਪੱਤੇ ਕਦੋਂ ਖੋਲ੍ਹਦੇ ਹਨ।