ਪੰਜਾਬ ਸਰਕਾਰ ਨੇ ਤਿੰਨ ਨਵੀਆਂ ਸਬ ਤਹਿਸੀਲਾਂ ਨੂੰ ਅਪਗ੍ਰੇਡ ਕਰਨ ਦੀ ਦਿੱਤੀ ਹਰੀ ਝੰਡੀ
ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਲਖੀਮਪੁਰ ਖੀਰੀ ਕਾਂਡ ਦੌਰਾਨ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਦੇ ਮਾਮਲੇ ਵਿਚ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਅਤੇ ਤਿੰਨ ਨਵੀਆਂ ਸਬ ਤਹਿਸੀਲਾਂ ਘੜੂੰਆਂ, ਰਾਜਾਸਾਂਸੀ ਅਤੇ ਦੋਰਾਂਗਲਾ ਨੂੰ ਸਬ-ਤਹਿਸੀਲਾਂ ਵਜੋਂ ਅਪਗੇ੍ਡ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਮੰਤਰੀ ਮੰਡਲ ਦੀ ਮੀਟਿੰਗ ਅੱਜ ਪੰਜਾਬ ਭਵਨ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੰਤਰੀ ਮੰਡਲ ਨੇ 2 ਅਕਤੂਬਰ ਨੂੰ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਵਿਚ ਵਾਪਰੀ ਮੰਦਭਾਗੀ ਘਟਨਾ ਵਿਚ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਗਈ ਸੀ, ਦੇ ਪਰਿਵਾਰਾਂ/ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ’ਚੋਂ ਪਹਿਲਾਂ ਜਾਰੀ ਕੀਤੇ ਗਏ ਕੁੱਲ 2 ਕਰੋੜ ਰੁਪਏ ਵਿੱਚੋਂ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਸਾਲ 2014-15 ਤੋਂ ਲੈ ਕੇ 2017-18 ਤਕ ਦੇ ਚਾਰ ਸਾਲਾਂ ਦੇ ‘ਸੀ’ ਫਾਰਮ ਨਾਲ ਸਬੰਧਤ ਕੇਸਾਂ ਵਿਚੋਂ ਲਗਪਗ 1.50 ਲੱਖ ਕੇਸਾਂ ਨੂੰ ਮੁਲਾਂਕਣ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਕੈਟਾਗਰੀ ਅਧੀਨ ਹਰੇਕ ਸਾਲ ਹੁਣ ਸਿਰਫ 8500 ਦੇ ਲਗਪਗ ਕੇਸਾਂ ਦਾ ਹੀ ਮੁਲਾਂਕਣ ਹੋਵੇਗਾ। ਵਪਾਰੀਆਂ ਦੇ ਪੱਖੀ ਫੈਸਲੇ ਨਾਲ ਸੂਬੇ ਦੇ ਖਜ਼ਾਨੇ ਉਤੇ 200 ਕਰੋੜ ਰੁਪਏ ਦਾ ਵਿੱਤੀ ਭਾਰ ਪਵੇਗਾ। ਮੰਤਰੀ ਮੰਡਲ ਨੇ ਇਕ ਹੋਰ ਫੈਸਲਾ ਲੈਂਦੇ ਹੋਏ ਘੜੂੰਆਂ (ਐੱਸਏਐੱਸ ਨਗਰ), ਰਾਜਾਸਾਂਸੀ (ਅੰਮ੍ਰਿਤਸਰ) ਅਤੇ ਦੋਰਾਂਗਲਾ (ਗੁਰਦਾਸਪੁਰ) ਨੂੰ ਸਬ-ਤਹਿਸੀਲਾਂ ਵਜੋਂ ਅਪਗੇ੍ਰਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਘੜੂੰਆਂ ਨੂੰ ਸਬ-ਤਹਿਸੀਲ ਵਜੋਂ ਅਪਗੇ੍ਰਡ ਕੀਤਾ ਜਾਵੇਗਾ ਜਿਸ ਵਿਚ ਇਕ ਕਾਨੂੰਗੋ ਸਰਕਲ, 11 ਪਟਵਾਰ ਸਰਕਲ ਅਤੇ 36 ਪਿੰਡ ਹੋਣਗੇ, ਦੋਰਾਂਗਲਾ ਵਿਚ 2 ਕਾਨੂੰਗੋ ਸਰਕਲ, 16 ਪਟਵਾਰ ਸਰਕਲ ਅਤੇ 94 ਪਿੰਡ ਹੋਣਗੇ, ਜਦਕਿ ਰਾਜਾਸਾਂਸੀ ਵਿਚ 3 ਕਾਨੂੰਗੋ ਸਰਕਲ, 18 ਪਟਵਾਰ ਸਰਕਲ ਅਤੇ 4 ਪਿੰਡ ਸ਼ਾਮਲ ਹੋਣਗੇ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੀਐੱਸਆਈਡੀਸੀ, ਪੀਐੱਫਸੀ ਅਤੇ ਪੀਏਆਈਸੀ ਦੇ ਬਕਾਏ ਦੇ ਨਿਪਟਾਰੇ ਲਈ ਯਕਮੁਸ਼ਤ ਨਿਬੇੜਾ ਨੀਤੀ-2021 ਨੂੰ ਮਨਜ਼ੂਰੀ ਦੇ ਦਿੱਤੀ ਹੈ।