NewsPopular News

ਡਾ. ਸੁਰਜੀਤ ਸਿੰਘ ਦੌਧਰ ਨੇ ਆਈ.ਪੀ.ਐੱਸ ਬਣਨ ਦੀ ਇਛੁੱਕ ਵਿਦਿਆਰਥਣ ਦੀ ਅਗਲੇਰੀ ਪੜ੍ਹਾਈ ਅਤੇ ਕੋਚਿੰਗ ਦਾ ਸਾਰਾ ਖਰਚਾ ਉਠਾਉਣ ਦਾ ਜਿੰਮਾ ਲਿਆ

ਬਰਨਾਲਾ : 8 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)

ਸੂਬੇ ਦੇ ਭਾਸ਼ਾਵਾਂ ਬਾਰੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਆਈ.ਏ.ਐੱਸ ਦੀ ਅਗਵਾਈ ਹੇਠ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਵਿਦਿਅਰਥੀਆਂ ਨੂੰ ਸਾਹਿਤ ਅਤੇ ਲਾਇਬ੍ਰੇਰੀਆਂ ਨਾਲ ਜੋੜਨ ਲਈ ਸਕੂਲਾਂ ਅਤੇ ਕਾਲਜਾਂ ‘ਚ ਸਾਹਿਤਕ ਸਮਾਗਮ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾ ਕੇ ਵਿਦਿਆਰਥਣਾਂ ਨੂੰ ਭਾਈ ਸਾਹਿਬ ਦੀ ਸਾਹਿਤਕ ਦੇਣ ਅਤੇ ਸਖਸ਼ੀਅਤ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਅਤੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਮਾਤਾ ਸਾਹਿਬ ਕੌਰ ਗਰਲਜ ਕਾਲਜ ਗਹਿਲ ਵਿਖੇ ਪ੍ਰਿੰਸੀਪਲ ਡਾ. ਹਰਬੰਸ ਕੌਰ ਦੀ ਅਗਵਾਈ ਹੇਠ ਭਾਈ ਵੀਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਦੇਣ ਵਿਸ਼ੇ ‘ਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ.ਸੁਰਜੀਤ ਸਿੰਘ ਦੌਧਰ ਅਤੇ ਗੁਰਮੇਲ ਸਿੰਘ ਬੌਡੇ ਨੇ ਭਾਈ ਵੀਰ ਸਿੰਘ ਦੀਆਂ ਸਾਹਿਤਕ ਕ੍ਰਿਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਉਹਨਾਂ ਵਿਦਿਆਰਥਣਾਂ ਨੂੰ ਸਾਹਿਤ ਅਤੇ ਕਿਤਾਬਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿਚ ਸਫਲ ਇਨਸਾਨ ਬਣਨ ਲਈ ਕਿਤਾਬਾਂ ਤੋਂ ਵੱਡਾ ਕੋਈ ਮਾਰਗ ਦਰਸ਼ਕ ਨਹੀਂ। ਉਹਨਾਂ ਕਿਤਾਬ ਦੀ ਤਾਕਤ ਬਾਰੇ ਬੋਲਦਿਆਂ ਕਿਹਾ ਕਿ ਕਿਤਾਬਾਂ ਘੋਰ ਨਿਰਾਸ਼ਾ ਦੇ ਆਲਮ ਵਿੱਚ ਗਏ ਇਨਸਾਨ ਨੂੰ ਵੀ ਜ਼ਿੰਦਾਦਿਲ ਬਣਾ ਸਕਣ ਦੀ ਸਮਰੱਥਾ ਰਖਦੀਆਂ ਹਨ।

ਮੁੱਖ ਮਹਿਮਾਨਾਂ ਵੱਲੋਂ ਵਿਦਿਆਰਥਣਾਂ ਨੂੰ ਆਈ.ਏ.ਐੱਸ ਅਤੇ ਆਈ.ਪੀ.ਐੱਸ ਸਮੇਤ ਉੱਚ ਆਸਾਮੀਆਂ ਦੀ ਤਿਆਰੀ ਲਈ ਵੀ ਪ੍ਰੇਰਿਤ ਕੀਤਾ। ਡਾ. ਸੁਰਜੀਤ ਸਿੰਘ ਦੌਧਰ ਨੇ ਆਈ.ਪੀ.ਐੱਸ ਬਣਨ ਦੀ ਇਛੁੱਕ ਕਾਲਜ ਦੀ ਬੀ.ਏ ਭਾਗ ਪਹਿਲਾਂ ਦੀ ਵਿਦਿਆਰਥਣ ਅਮਨਵੀਰ ਕੌਰ ਦੀ ਅਗਲੇਰੀ ਪੜ੍ਹਾਈ ਅਤੇ ਕੋਚਿੰਗ ਦਾ ਸਾਰਾ ਖਰਚਾ ਉਠਾਉਣ ਦਾ ਜਿੰਮਾ ਵੀ ਲਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗੀਤ ਅਤੇ ਕਵਿਤਾਵਾਂ ਦਾ ਗਾਇਨ ਕਰਨ ਦੇ ਨਾਲ ਨਾਲ ਵਿਦਿਆਰਥਣਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ‘ਚ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਜਨਮੀਤ ਕੌਰ, ਡਾ. ਹਰਮੀਤ ਕੌਰ, ਡਾ. ਰਣਦੀਪ ਕੌਰ ਲੈਕਚਰਾਰ ਅਮਨਦੀਪ ਕੌਰ ਅਤੇ ਸਿਮਰਨਜੀਤ ਕੌਰ ਤੋਂ ਇਲਾਵਾ ਭਾਸ਼ਾ ਦਫਤਰ ਦੇ ਸੁਖਮਨ ਸਿੰਘ ਅਤੇ ਗੋਬਿੰਦ ਸਿੰਘ ਸਮੇਤ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਮੁੱਚਾ ਸਟਾਫ ਹਾਜ਼ਰ ਰਿਹਾ। ਮੰਚ ਸੰਚਾਲਨ ਦਾ ਫਰਜ਼ ਡਾ. ਗੁਰਦੀਪ ਕੌਰ ਵੱਲੋਂ ਨਿਭਾਇਆ ਗਿਆ।

Leave a Reply

Your email address will not be published. Required fields are marked *