ਸਿੱਖਿਆ ਬੋਰਡ ਨੇ 10ਵੀਂ, 12ਵੀਂ ਓਪਨ ਸਕੂਲ ਪ੍ਰਣਾਲੀ ਦੇ ਪ੍ਰੀਖਿਆਰਥੀਆਂ ਲਈ ਫੀਸ ਭਰਨ ਦਾ ਨਵਾਂ ਸ਼ਡਿਊਲ ਕੀਤਾ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੇਵਲ ਓਪਨ ਸਕੂਲ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਲਈ ਪਰੀਖਿਆ ਫ਼ੀਸ ਭਰਨ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2021-22 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਟਰਮ ਵਾਈਜ਼ ਕੋਈ ਪਰੀਖਿਆ ਨਹੀਂ ਕਰਵਾਈ ਜਾਣੀ। ਇਨ੍ਹਾਂ ਵਿਦਿਆਰਥੀਆਂ ਦੀ ਪਰੀਖਿਆ ਸਲਾਨਾ ਪਰੀਖਿਆ ਪ੍ਰਣਾਲੀ ਅਨੁਸਾਰ ਹੀ ਕਰਵਾਈ ਜਾਣੀ ਹੈ। ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਲੇਟ ਫ਼ੀਸ ਨਾਲ ਪਰੀਖਿਆ ਫ਼ੀਸਾਂ ਭਰਨ ਦੀ ਆਖ਼ਰੀ ਮਿਤੀ 26 ਨਵੰਬਰ 2021 ਨਿਰਧਾਰਤ ਸੀ, ਪ੍ਰੰਤੂ ਅਜੇ ਵੀ ਕਈ ਵਿਦਿਆਰਥੀ ਪਰੀਖਿਆ ਫ਼ੀਸ ਭਰਨ ਤੋਂ ਵਾਂਝੇ ਰਹਿ ਗਏ ਹਨ। ਸਿੱਖਿਆ ਬੋਰਡ ਵੱਲੋਂ ਅਜਿਹੇ ਵਿਦਿਆਰਥੀਆਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਟ ਫ਼ੀਸ ਨਾਲ ਪਰੀਖਿਆ ਫ਼ੀਸ ਭਰਨ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਇਸ ਨਵੇਂ ਸ਼ਡਿਊਲ ਅਨੁਸਾਰ ਬਣਦੀ ਫ਼ੀਸ ਤੋਂ ਇਲਾਵਾ 2500 ਰੁਪਏ ਲੇਟ ਫ਼ੀਸ ਨਾਲ 7 ਦਸੰਬਰ 2021 ਤੱਕ, 3000 ਰੁਪਏ ਲੇਟ ਫ਼ੀਸ ਨਾਲ 21 ਦਸੰਬਰ 2021 ਤੱਕ, 3500 ਰੁਪਏ ਲੇਟ ਫ਼ੀਸ ਨਾਲ 5 ਜਨਵਰੀ 2022 ਤੱਕ, 4000 ਰੁਪਏ ਲੇਟ ਫ਼ੀਸ ਨਾਲ 20 ਜਨਵਰੀ 2022 ਤੱਕ ਅਤੇ ਅੰਤ ਵਿੱਚ 4500 ਰੁਪਏ ਲੇਟ ਫ਼ੀਸ ਨਾਲ 5 ਫ਼ਰਵਰੀ 2022 ਤੱਕ ਆਪਣੀ ਪਰੀਖਿਆ ਫ਼ੀਸ ਭਰ ਸਕਣਗੇ।
ਇਸ ਸਬੰਧੀ ਮੁਕੰਮਲ ਜਾਣਕਾਰੀ ਲਈ ਪ੍ਰਾਸਪੈਕਟਸ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਉਪਲਬਧ ਹੈ।