healthNews

ਅੱਗ ਨਹੀਂ ਜ਼ਮੀਨ ਹਵਾਲੇ ਕਰੋ ਪਰਾਲੀ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਕਿਸਾਨ ਵੀਰਾਂ ਨੂੰ ਪਰਾਲੀ ਨਾ ਸਾੜਨ ਦੀ ਪ੍ਰੇਰਨਾ ਦੇਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਤੇ ਉਪਰਾਲੇ ਕਰ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਲੋਕਾਂ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਸਰਕਾਰ ਦੇ ਇਰਾਦੇ ਧਰੇ-ਧਰਾਏ ਹੀ ਰਹਿ ਜਾਂਦੇ ਹਨ। ਇਸ ਕਾਰਨ ਜਿੱਥੇ ਸਰਕਾਰ ਵੱਲੋਂ ਕਿਸਾਨ ਵੀਰਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰਾਂ ਆਦਿ ਉੱਪਰ ਖ਼ਰਚ ਕੀਤੀਆਂ ਜਾਣ ਵਾਲੀਆਂ ਭਾਰੀ ਰਕਮਾਂ ਅਜਾਈਂ ਜਾਂਦੀਆਂ ਹਨ, ਉੱਥੇ ਹੀ ਇਨ੍ਹੀਂ ਦਿਨੀਂ ਸੜਕ ਹਾਦਸਿਆਂ ’ਚ ਬਹੁਤ ਜ਼ਿਆਦਾ ਵਾਧਾ ਵੇਖਣ ਨੂੰ ਮਿਲਦਾ ਹੈ।

ਸਿਹਤ ਲਈ ਹੈ ਖ਼ਤਰਨਾਕ

ਪਰਾਲੀ ਸਾੜਨ ਕਰਕੇ ਕਾਰਬਨ ਮੋਨੋਆਕਸਾਈਡ ਜਿਹੀ ਜ਼ਹਿਰੀਲੀ ਗੈਸ ਲਾਲ ਕਣਾਂ ਨਾਲ ਕਿਰਿਆ ਕਰ ਕੇ ਖ਼ੂੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀ ਹੈ। ਇਸ ਦੇ ਨਾਲ ਹੀ ਕਾਰਬਨ ਡਾਈਆਕਸਾਈਡ ਅੱਖਾਂ ਤੇ ਸਾਹ ਦੀ ਨਲੀ ’ਚ ਜਲਣ ਪੈਦਾ ਕਰਦੀ ਹੈ।

ਇਸ ਤੋਂ ਇਲਾਵਾ ਸਲਫਰ ਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਫੇਫੜਿਆਂ, ਖ਼ੂਨ, ਚਮੜੀ, ਸਾਹ ਕਿਰਿਆ ’ਤੇ ਸਿੱਧਾ ਅਸਰ ਕਰਦੀ ਹੈ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਉਕਤ ਜ਼ਹਿਰੀਲੀਆਂ ਗੈਸਾਂ ਦੇ ਕਹਿਰ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਬੱਚੇ ਹੁੰਦੇ ਹਨ ਕਿਉਂਕਿ ਬੱਚਿਆਂ ’ਚ ਮੈਟਾਬੋਲਿਕ ਐਕਟੀਵਿਟੀ ਹੋਣ ਕਾਰਨ ਉਨ੍ਹਾਂ ’ਚ ਗੈਸ ਨੂੰ ਸਮਾਉਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਕਤ ਗੈਸਾਂ ਗਰਭਵਤੀਆਂ ’ਤੇ ਵੀ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਸ ਤੋਂ ਇਲਾਵਾ ਹਰ ਤਰ੍ਹਾਂ ਦਾ ਪ੍ਰਦੂਸ਼ਣ ਸਾਡੀ ਧਰਤੀ ਦੁਆਲੇ ਘੇਰਾ ਪਾਈ ਬੈਠੀ ਓਜ਼ੋਨ ਪਰਤ ਵਿਚਕਾਰ ਸੁਰਾਖ਼ ਕਰਦਾ ਹੈ

ਸ਼ੁੱਧ ਬਣਾਈਏ ਚੌਗਿਰਦਾ

ਇਕ ਅੰਦਾਜ਼ੇ ਮੁਤਾਬਿਕ ਪਰਾਲੀ ਸਾੜਨ ਕਾਰਨ ਹਰ ਸਾਲ ਕਿਸਾਨਾਂ ਦਾ ਕਰੀਬ 500 ਕਰੋੜ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਪਰਾਲੀ ਦੇ ਧੰੂਏਂ ਤੇ ਅੱਗ ਕਾਰਨ ਸੜਕਾਂ ’ਤੇ ਸਫ਼ਰ ਕਰ ਰਹੇ ਕਿੰਨੇ ਹੀ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਤੇ ਕਈ ਵਾਰ ਜਾਨੀ ਜਾਂ ਮਾਲੀ ਨੁਕਸਾਨ ਦਾ ਘਾਣ ਹੁੰਦਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣਾ ਇਕੱਲੀ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਸਗੋਂ ਇਹ ਸਮੁੱਚੇ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੇ ਹੱਲ ਲਈ ਸੂਬਾਈ ਤੇ ਕੇਂਦਰ ਸਰਕਾਰ ਦੋਵਾਂ ਨੂੰ ਹੀ ਸਾਂਝੇ ਰੂਪ ’ਚ ਆਪਸ ਵਿਚ ਮਿਲ-ਜੁਲ ਕੇ ਕੰਮ ਕਰਨ ਦੀ ਲੋੜ ਹੈ। ਸਰਕਾਰਾਂ ਨੂੰ ਕਿਸਾਨਾਂ ਦੇ ਤਾਮਾਮ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਸੁਚਾਰੂ ਤੇ ਯੋਗ ਹੱਲ ਲੱਭਣੇ ਚਾਹੀਦੇ ਹਨ।

ਸਾਨੂੰ ਸਭ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਇਸ ਦੇ ਚੌਗਿਰਦੇ ਦੀ ਸਾਂਭ- ਸੰਭਾਲ ਕਰਨਾ ਇਕੱਲੀਆਂ ਸਰਕਾਰਾਂ ਦਾ ਕੰਮ ਨਹੀਂ ਹੈ ਸਗੋਂ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰ ਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਅਸੀਂ ਸਭ ਵੀ ਇਹੋ ਸਲੋਗਨ ਅਪਣਾਈਏ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ ਸਗੋਂ ਇਸ ਨੂੰ ਆਪਣੇ ਖੇਤਾਂ ’ਚ ਹੀ ਮਿਲਾਓ ਤੇ ਵਾਤਾਵਰਨ ਨੂੰ ਆਪਣੇ ਲਈ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸ਼ੁੱਧ ਬਣਾਓ।

ਵਧ ਜਾਂਦਾ ਹੈ ਧਰਤੀ ਦਾ ਤਾਪਮਾਨ

ਜ਼ਮੀਨੀ ਸੱਚਾਈ ਇਹ ਵੀ ਹੈ ਕਿ ਕਿਸਾਨਾਂ ਨੂੰ ਖੇਤ ਖ਼ਾਲੀ ਕਰਨ ਦੀ ਜਲਦੀ ਵੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਹਾੜੀ ਦੀ ਫ਼ਸਲ ਆਲੂ, ਮਟਰ, ਸਰ੍ਹੋਂ, ਕਣਕ ਆਦਿ ਦੀ ਬਿਜਾਈ ਲਈ ਖੇਤ ਤਿਆਰ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਮਸ਼ੀਨ ਨਾਲ ਵਾਢੀ ਤੇਜ਼ ਵੀ ਹੁੰਦੀ ਹੈ ਤੇ ਜ਼ਿਆਦਾ ਮਹਿੰਗੀ ਵੀ ਨਹੀਂ ਪੈਂਦੀ ਪਰ ਇਸ ’ਚ ਡੀਜ਼ਲ ਵਰਤਣ ਨਾਲ ਪ੍ਰਦੂਸ਼ਣ ਜ਼ਰੂਰ ਹੁੰਦਾ ਹੈ। ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਦੇਸ਼ ਭਰ ’ਚ ਝੋਨੇ ਦੀ ਪਰਾਲੀ ਕਿਤੇ ਵੀ ਨਹੀਂ ਸਾੜੀ ਜਾਂਦੀ। ਪੱਛਮੀ ਉੱਤਰ ਪ੍ਰਦੇਸ਼ ’ਚ ਤਾਂ ਜ਼ਿਆਦਾਤਰ ਝੋਨਾ ਹੱਥ ਨਾਲ ਵੱਢਿਆ ਜਾਂਦਾ ਹੈ ਤੇ ਫਿਰ ਹੱਥ ਨਾਲ ਹੀ ਝਾੜ ਕੇ ਕੱਢਿਆ ਜਾਂਦਾ ਹੈ। ਹੱਥ ਨਾਲ ਵੱਢਣ ਤੇ ਝਾੜਨ ’ਚ ਇਕ ਤਾਂ ਕੋਈ ਪ੍ਰਦੂਸ਼ਣ ਨਹੀਂ ਹੁੰਦਾ, ਡੀਜ਼ਲ ਦਾ ਖ਼ਰਚਾ ਬਚਦਾ ਹੈ ਤੇ ਦੂਜਾ ਪੇਂਡੂ ਖੇਤਰਾਂ ’ਚ ਮਜ਼ਦੂਰਾਂ ਨੂੰ ਖ਼ੂਬ ਰੁਜ਼ਗਾਰ ਵੀ ਮਿਲਦਾ ਹੈ। ਮਸ਼ੀਨ ਨਾਲ ਵਾਢੀ ਤੋਂ ਬਾਅਦ ਪਰਾਲੀ ਸਾੜਨ ਨਾਲ ਸਿਰਫ਼ ਪ੍ਰਦੂਸ਼ਣ ਹੀ ਨਹੀਂ ਹੁੰਦਾ ਸਗੋਂ ਜ਼ਮੀਨ ’ਚ ਨਾਈਟ੍ਰੋਜਨ, ਫਾਸਫੋਰਸ, ਸਲਫਰ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਵੀ ਨੁਕਸਾਨ ਹੁੰਦਾ ਹੈ। ਇਸ ਕਾਰਨ ਅਗਲੀ ਫ਼ਸਲ ’ਚ ਹੋਰ ਜ਼ਿਆਦਾ ਮਾਤਰਾ ’ਚ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਨਾਲ ਦੇਸ਼ ’ਤੇ ਖਾਦ ਸਬਸਿਡੀ ਦਾ ਬੋਝ ਵੀ ਵਧਦਾ ਹੈ ਤੇ ਕਿਸਾਨਾਂ ਦੀ ਲਾਗਤ ਵੀ। ਨਾਲ ਹੀ ਧਰਤੀ ਦਾ ਤਾਪਮਾਨ ਵੀ ਵਧਦਾ ਹੈ, ਜਿਸ ਨਾਲ ਬਹੁਤ ਸਾਰੇ ਹੋਰ ਗੰਭੀਰ ਮਾੜੇ ਨਤੀਜੇ ਹੁੰਦੇ ਹਨ। ਅੱਗ ਨਾਲ ਖੇਤੀ ’ਚ ਸਹਾਇਕ ਗੰਡੋਆ ਤੇ ਹੋਰ ਸੂਖ਼ਮ ਜੀਵ ਵੀ ਨਸ਼ਟ ਹੋ ਜਾਂਦੇ ਹਨ। ਇਸ ਨਾਲ ਭਵਿੱਖ ’ਚ ਫ਼ਸਲਾਂ ਦੀ ਪੈਦਾਵਾਰ ਵੱਡੀ ਮਾਤਰਾ ’ਚ ਘਟ ਸਕਦੀ ਹੈ ਤੇ ਦੇਸ਼ ’ਚ ਖਾਦ ਸੰਕਟ ਖੜ੍ਹਾ ਹੋ ਸਕਦਾ ਹੈ।

ਜਾਗਰੂਕ ਹੋਏ ਕਿਸਾਨ

ਅਹਿਮ ਸਵਾਲ ਇਹ ਹੈ ਕਿ ਆਖ਼ਰ ਇਸ ਸਮੱਸਿਆ ਦਾ ਹੱਲ ਕੀ ਹੈ? ਉਹ ਕਿਹੜੇ ਉਪਾਅ ਹਨ, ਜਿਨ੍ਹਾਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਮੁਕਤੀ ਮਿਲ ਸਕਦੀ ਹੈ? ਅਸਲ ਵਿਚ ਖੇਤੀ ’ਚ ਮਨੁੱਖੀ ਕਿਰਤ ਦੀ ਭਾਗੀਦਾਰੀ ਘੱਟ ਹੋਣ ਤੇ ਖੇਤੀ ਮਸ਼ੀਨਰੀ ਦੀ ਜ਼ਿਆਦਾ ਵਰਤੋਂ ਨਾਲ ਪਰਾਲੀ ਦੀ ਸਮੱਸਿਆ ਭਿਆਨਕ ਹੋਈ ਹੈ। ਪ੍ਰਦੂਸ਼ਣ ਦਾ ਮੁਲਾਂਕਣ ਕਰਨ ਵਾਲੀ ਸਰਕਾਰੀ ਸੰਸਥਾ ‘ਸਫ਼ਰ’ ਦੇ ਸਰਵੇ ਅਨੁਸਾਰ ਬੀਤੇ ਸਾਲ ਦਿੱਲੀ ਦੇ ਹਵਾ ਪ੍ਰਦੂਸ਼ਣ ’ਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਹਿੱਸੇਦਾਰੀ ਜ਼ਿਆਦਾਤਰ 46 ਫ਼ੀਸਦੀ ’ਤੇ ਰਹੀ, ਜੋ ਦੀਵਾਲੀ ਤੋਂ ਪਹਿਲਾਂ ਆਮ ਤੌਰ ’ਤੇ 15 ਫ਼ੀਸਦੀ ਤੋਂ ਹੇਠਾਂ ਸੀ, ਜਿਸ ਵਿਚ ਹੋਰ ਕਾਰਕ ਮਿਲ ਕੇ ਸਮੱਸਿਆ ਨੂੰ ਹੋਰ ਮੁਸ਼ਕਲ ਬਣਾ ਦਿੰਦੇ ਹਨ।

ਕਿਸਾਨ ਖ਼ੁਦ ਵੀ ਪਰਾਲੀ ਸਾੜਨ ਦੇ ਮਾੜੇ ਨਤੀਜੇ ਜਾਣਦੇ ਹਨ ਅਤੇ ਸੁਚੇਤ ਹੋ ਰਹੇ ਹਨ। ਵਿਗਿਆਨਕ ਤੇ ਖੇਤੀ ਮਾਹਿਰਾਂ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਪਰਾਲੀ ਸਾੜਨ ਦੀ ਪ੍ਰਕਿਰਿਆ ’ਚ ਕਾਰਬਨ ਡਾਈਆਕਸਾਈਡ ਤੇ ਘਾਤਕ ਪ੍ਰਦੂਸ਼ਣ ਦੇ ਕਣ ਹੋਰ ਗੈਸਾਂ ਨਾਲ ਹਵਾ ’ਚ ਮਿਲ ਜਾਂਦੇ ਹਨ, ਜੋ ਸਿਹਤ ਲਈ ਘਾਤਕ ਸਾਬਿਤ ਹੁੰਦੇ ਹਨ।

ਉਪਜਾਊ ਸ਼ਕਤੀ ’ਚ ਆਉਂਦੀ ਹੈ ਕਮੀ

ਪਰਾਲੀ ਸਾੜਨ ਨਾਲ ਫ਼ਸਲਾਂ ਦੇ ਵਧੇਰੇ ਵਧਣ-ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤਾਂ ਦੇ ਨਾਲ-ਨਾਲ ਲਗਭਗ 38 ਲੱਖ ਟਨ ਜੈਵਿਕ ਕਾਰਬਨ ਸੜ ਜਾਂਦੇ ਹਨ, ਜਿਸ ਕਾਰਨ ਧਰਤੀ ਦੀ ਉਪਜਾਊ ਸ਼ਕਤੀ ’ਚ ਕਮੀ ਆਉਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਕਿੰਨੇ ਹੀ ਦਰੱਖ਼ਤ ਪਰਾਲੀ ਨੂੰ ਲਾਈ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਹਿਲੇ ਸਮਿਆਂ ’ਚ ਛੋਟੀ ਮੱਖੀ ਦਾ ਸ਼ਹਿਦ ਆਮ ਮਿਲ ਜਾਂਦਾ ਸੀ ਪਰ ਜਦੋਂ ਤੋਂ ਪਰਾਲੀ ਨੂੰ ਸਾੜਨ ਦੀ ਪਿਰਤ ਪਈ ਹੈ, ਉਸ ਨਾਲ ਸ਼ਹਿਦ ਦੀਆਂ ਅਣਗਿਣਤ ਮੱਖੀਆਂ ਮਰ ਚੱੁਕੀਆਂ ਹਨ ਜਿਸ ਦੇ ਨਤੀਜੇ ਵਜੋਂ ਅੱਜ ਸ਼ੁੱਧ ਸ਼ਹਿਦ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੰਛੀ ਜਿਵੇਂ ਚਿੜੀਆਂ ਆਦਿ ਸਾਡੇ ਸਮਾਜ ’ਚੋਂ ਲੋਪ ਹੁੰਦੀਆਂ ਜਾ ਰਹੀਆਂ ਹਨ ਤੇ ਬਹੁਤ ਸਾਰੇ ਪੰਛੀਆਂ ਅਤੇ ਜੀਵ- ਜੰਤੂਆਂ ਦੀ ਮੌਤ ਵੀ ਹੋ ਜਾਂਦੀ ਹੈ।

ਵਧਾਈ ਜਾਵੇ ਸਬਸਿਡੀ

ਮਸ਼ੀਨਾਂ ਨਾਲ ਪਰਾਲੀ ਪ੍ਰਬੰਧਾਂ ਲਈ ਜੋ ਉਪਾਅ ਸੁਝਾਏ ਗਏ ਹਨ, ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ। ਇਸ ਦਿਸ਼ਾ ’ਚ ਸਬਸਿਡੀ ਵਧਾਉਣ ਦੀ ਵੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਖੇਤਾਂ ’ਚ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ। ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਇ ਉਨ੍ਹਾਂ ਦੀ ਸਮੱਸਿਆ ਦੇ ਹੱਲ ’ਚ ਰਾਜ ਤੰਤਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਹਰ ਸਾਲ ਹੁੰਦੀਆਂ ਹਨ। ਵਿਡੰਬਨਾ ਹੀ ਹੈ ਕਿ ਪਰਾਲੀ ਦੇ ਕਾਰਗਰ ਬਦਲ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਮੱਸਿਆ ਭਿਆਨਕ ਹੋਣ ’ਤੇ ਹੀ ਪਹਿਲ ਕੀਤੀ ਜਾਂਦੀ ਹੈ, ਜਿਸ ਨਾਲ ਸਮੱਸਿਆ ਦਾ ਕਾਰਗਰ ਹੱਲ ਨਹੀਂ ਨਿਕਲਦਾ। ਕਾਰਨ ਇਹ ਵੀ ਹੈ ਕਿ ਸਾਲ ਦੇ ਬਾਕੀ ਮਹੀਨਿਆਂ ’ਚ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਹਾਲ ਹੀ ’ਚ ਭਾਰਤੀ ਖੇਤੀ ਖੋਜ ਸੰਸਥਾ ਨੇ ਇਕ ਸਸਤਾ ਤੇ ਸਰਲ ਉਪਾਅ ਲੱਭਿਆ ਹੈ। ਉਸ ਨੇ ਅਜਿਹਾ ਘੋਲ ਤਿਆਰ ਕੀਤਾ ਹੈ, ਜਿਸ ਦਾ ਪਰਾਲੀ ’ਤੇ ਛਿੜਕਾਅ ਕਰਨ ਨਾਲ ਉਸ ਦਾ ਡੰਡਲ ਗਲ਼ ਜਾਂਦਾ ਹੈ ਤੇ ਉਹ ਖਾਦ ’ਚ ਬਦਲ ਜਾਂਦੀ ਹੈ।

Leave a Reply

Your email address will not be published. Required fields are marked *