Ind vs Nz :ਖੇਡ ਦੇ ਤੀਜੇ ਦਿਨ ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ ਡਿੱਗੀਆਂ
ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 540 ਦੌੜਾਂ ਦਾ ਵੱਡਾ ਟੀਚਾ ਰੱਖਣ ਤੋਂ ਬਾਅਦ ਤੀਜੇ ਦਿਨ ਉਸ ਦੀਆਂ ਪੰਜ ਵਿਕਟਾਂ ਹਾਸਲ ਕਰ ਕੇ ਦੂਜੇ ਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ ਵੱਡੀ ਜਿੱਤ ਵੱਲ ਕਦਮ ਵਧਾਏ ਤੇ ਉਸ ਨੂੰ ਜਿੱਤ ਲਈ ਹੁਣ ਸਿਰਫ਼ ਪੰਜ ਵਿਕਟਾਂ ਦੀ ਲੋੜ ਹੈ। ਨਿਊਜ਼ੀਲੈਂਡ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ ਪੰਜ ਵਿਕਟਾਂ ‘ਤੇ 140 ਦੌੜਾਂ ਬਣਾਈਆਂ ਹਨ ਤੇ ਉਹ ਟੀਚੇ ਤੋਂ ਹੁਣ 400 ਦੌੜਾਂ ਦੂਰ ਹੈ। ਪਹਿਲੀ ਪਾਰੀ ਵਿਚ 325 ਦੌੜਾਂ ਬਣਾਉਣ ਵਾਲੇ ਭਾਰਤ ਨੇ ਆਪਣੀ ਦੂਜੀ ਪਾਰੀ ਸੱਤ ਵਿਕਟਾਂ ‘ਤੇ 276 ਦੌੜਾਂ ‘ਤੇ ਐਲਾਨ ਦਿੱਤੀ।
ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ਼ 62 ਦੌੜਾਂ ‘ਤੇ ਸਿਮਟ ਗਈ ਸੀ। ਦੂਜੀ ਪਾਰੀ ਵਿਚ ਵੀ ਨਿਊਜ਼ੀਲੈਂਡ ਦੇ ਬੱਲੇਬਾਜ਼ ਆਸਾਨੀ ਨਾਲ ਬੱਲੇਬਾਜ਼ੀ ਨਹੀਂ ਕਰ ਸਕੇ। ਡੇਰਿਲ ਮਿਸ਼ੇਲ ਨੇ ਜ਼ਰੂਰ 92 ਗੇਂਦਾਂ ‘ਤੇ 60 ਦੌੜਾਂ ਦੀ ਪਾਰੀ ਖੇਡੀ। ਦਿਨ ਦੀ ਖੇਡ ਖ਼ਤਮ ਹੋਣ ਦੇ ਸਮੇਂ ਹੈਨਰੀ ਨਿਕੋਲਸ 36 ਤੇ ਰਚਿਨ ਰਵਿੰਦਰ ਦੋ ਦੌੜਾਂ ‘ਤੇ ਖੇਡ ਰਹੇ ਸਨ। ਭਾਰਤ ਵੱਲੋਂ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ 27 ਦੌੜਾਂ ਦੇ ਕੇ ਤਿੰਨ ਤੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੇ 42 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।