ਗੌਤਮ ਗੰਭੀਰ ਨੂੰ ISIS ਦੀ ਧਮਕੀ, ਮੇਲ ਭੇਜ ਕੇ ਕਿਹਾ- ਪੂਰੇ ਪਰਿਵਾਰ ਨੂੰ ਉਡਾ ਦਿਆਂਗੇ
ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ, ਕਸ਼ਮੀਰ (ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ) ਤੋਂ ਧਮਕੀ ਮਿਲੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਪੁਲਿਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਆਈਐਸਆਈਐਸ ਕਸ਼ਮੀਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਸਬੰਧੀ ਡੀਸੀਪੀ ਸੈਂਟਰਲ ਦਿੱਲੀ ਸ਼ਵੇਤਾ ਚੌਹਾਨ ਨੇ ਵੀ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਕੀ ਦੇ ਮੱਦੇਨਜ਼ਰ ਗੌਤਮ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਧਿਆਨ ਯੋਗ ਹੈ ਕਿ ਦਿੱਲੀ ਤੋਂ ਬੀਜੇਪੀ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈ-ਮੇਲ ਮਿਲੀ ਹੈ। ਆਈਐਸਆਈਐਸ, ਕਸ਼ਮੀਰ ਨਾਮ ਦੀ ਈਮੇਲ ਆਈਡੀ ਨੇ ਸੰਸਦ ਮੈਂਬਰ ਗੌਤਮ ਗੰਭੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਦੇ ਨਿੱਜੀ ਸਕੱਤਰ ਗੌਰਵ ਅਰੋੜਾ ਵੱਲੋਂ ਕੇਂਦਰੀ ਦਿੱਲੀ ਪੁਲਿਸ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦਿੱਤੀ ਗਈ ਹੈ। ਗੌਰਵ ਅਰੋੜਾ ਨੇ ਦੱਸਿਆ ਕਿ ਰਾਤ 9:32 ਵਜੇ ਮੇਲ ਆਈ ਹੈ। ਇਸ ਵਿਚ ਲਿਖਿਆ ਹੈ ਕਿ ਅਸੀਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦੇਵਾਂਗੇ। ਇਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਲਿਖਤੀ ਤੌਰ ‘ਤੇ ਸੂਚਨਾ ਦੇਣ ਦਾ ਕਦਮ ਚੁੱਕਿਆ ਗਿਆ।