ਮਯੰਕ ਨੇ ਮੁੰਬਈ ‘ਚ ਦਿਖਾਇਆ ਬੱਲੇ ਦਾ ਦਮ, ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਟੈਸਟ ਸੈਂਕੜਾ
ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦਬਾਅ ਵਾਲੇ ਹਾਲਾਤ ਵਿਚ ਸ਼ਾਨਦਾਰ ਸੈਂਕੜਾ ਲਾਇਆ ਜਿਸ ਨਾਲ ਭਾਰਤ ਨੇ ਸਿਖਰਲੇ ਬੱਲੇਬਾਜ਼ਾਂ ਦੇ ਜਲਦ ਆਊਟ ਹੋਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਚਾਰ ਵਿਕਟਾਂ ‘ਤੇ 221 ਦੌੜਾਂ ਬਣਾਈਆਂ। ਸ਼ੁਰੂ ਵਿਚ ਥੋੜ੍ਹਾ ਘਬਰਾਏ ਨਜ਼ਰ ਆ ਰਹੇ ਮਯੰਕ ਨੇ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿੰਨਰ ਏਜਾਜ਼ ਪਟੇਲ ‘ਤੇ ਸਿੱਧਾ ਛੱਕਾ ਲਾ ਕੇ ਲੈਅ ਵਿਚ ਵਾਪਸੀ ਕੀਤੀ ਤੇ ਟੈਸਟ ਕ੍ਰਿਕਟ ਵਿਚ ਆਪਣੀ ਚੌਥੀ ਸੈਂਕੜੇ ਵਾਲੀ ਪਾਰੀ ਦੌਰਾਨ ਉਨ੍ਹਾਂ ਨੇ 14 ਚੌਕੇ ਤੇ ਚਾਰ ਛੱਕੇ ਲਾਏ। ਮਯੰਕ 120 ਦੌੜਾਂ ਬਣਾ ਕੇ ਖੇਡ ਰਹੇ ਹਨ। ਦੂਜੇ ਪਾਸੇ ਰਿੱਧੀਮਾਨ ਸਾਹਾ 25 ਦੌੜਾਂ ਬਣਾ ਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਹਨ। ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਸਭ ਤੋਂ ਕਾਮਯਾਬ ਗੇਂਦਬਾਜ਼ ਰਹੇ ਜਿਨ੍ਹਾਂ ਨੇ ਦਿਨ ਦੀਆਂ ਸਾਰੀਆਂ ਚਾਰ ਵਿਕਟਾਂ ਹਾਸਲ ਕੀਤੀਆਂ। ਬਾਰਿਸ਼ ਕਾਰਨ ਪਹਿਲੇ ਸੈਸ਼ਨ ਦੀ ਖੇਡ ਨਹੀਂ ਹੋ ਸਕੀ ਤੇ ਖੇਡ ਦੇਰ ਨਾਲ ਸ਼ੁਰੂ ਹੋਇਆ।
ਡਗਲਸ ਜਾਰਡਿਨ ਤੋਂ ਬਾਅਦ ਏਜਾਜ਼ ਪਟੇਲ : ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿੰਨਰ ਏਜਾਜ਼ ਪਟੇਲ ਮੁੰਬਈ ਵਿਚ ਜਨਮੇ ਅਜਿਹੇ ਦੂਜੇ ਕ੍ਰਿਕਟਰ ਬਣ ਗਏ ਹਨ ਜਿਸ ਨੇ ਇਸੇ ਸ਼ਹਿਰ ਵਿਚ ਭਾਰਤ ਖ਼ਿਲਾਫ਼ ਟੈਸਟ ਮੈਚ ਖੇਡਿਆ। ਇੰਗਲੈਂਡ ਦੇ ਕਪਤਾਨ ਡਗਲਸ ਜਾਰਡਿਨ ਅਜਿਹੇ ਪਹਿਲੇ ਕ੍ਰਿਕਟਰ ਸਨ ਜਿਨ੍ਹਾਂ ਦਾ ਜਨਮ ਮੁੰਬਈ ਵਿਚ ਹੋਇਆ ਤੇ ਉਨ੍ਹਾਂ ਨੇ ਮੁੰਬਈ ਵਿਚ ਹੀ ਭਾਰਤ ਖ਼ਿਲਾਫ਼ ਟੈਸਟ ਖੇਡਿਆ। ਹਾਲਾਂਕਿ ਲੈੱਗ ਸਪਿੰਨਰ ਜਾਰਡਿਨ ਨੇ ਦਸੰਬਰ 1933 ਵਿਚ ਅਜਿਹਾ ਕੀਤਾ ਸੀ ਤੇ ਇਸ ਤਰ੍ਹਾਂ ਲਗਭਗ 88 ਸਾਲ ਬਾਅਦ ਮੁੰਬਈ ਵਿਚ ਪੈਦਾ ਹੋਇਆ ਕੋਈ ਕ੍ਰਿਕਟਰ ਮੁੰਬਈ ਵਿਚ ਹੀ ਭਾਰਤ ਖ਼ਿਲਾਫ਼ ਟੈਸਟ ਖੇਡਿਆ। ਇੱਤਫ਼ਾਕ ਨਾਲ ਪਟੇਲ ਉਮਰ ਵਿਚ ਵੀ ਜਾਰਡਿਨ ਤੋਂ ਲਗਭਗ 88 ਸਾਲ ਛੋਟੇ ਹਨ। ਜਾਰਡਿਨ ਦਾ ਜਨਮ 23 ਅਕਤੂਬਰ 1900 ਨੂੰ ਹੋਇਆ ਸੀ ਤੇ ਪਟੇਲ ਦਾ ਜਨਮ 21 ਅਕਤੂਬਰ 1988 ਨੂੰ ਹੋਇਆ ਸੀ।