ਨੈੱਸ ਵਾਡੀਆ ਨੇ ਜ਼ਾਹਰ ਕੀਤੀ ਨਾਰਾਜ਼ਗੀ
ਆਈਪੀਐੱਲ ਟੀਮ ਪੰਜਾਬ ਕਿੰਗਜ਼ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਬਤੌਰ ਕਪਤਾਨ ਪਿਛਲੇ ਦੋ ਸੈਸ਼ਨ ਵਿਚ ਪੂਰੀ ਆਜ਼ਾਦੀ ਮਿਲਣ ਦੇ ਬਾਵਜੂਦ ਕੇਐੱਲ ਰਾਹੁਲ ਟੀਮ ਨੂੰ ਛੱਡ ਰਹੇ ਹਨ। ਟੀਮ ਨੇ ਇਹ ਵੀ ਕਿਹਾ ਕਿ ਜੇ ਨਵੀਆਂ ਟੀਮਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤਾਂ ਇਹ ਬੀਸੀਸੀਆਈ ਦੇ ਦਿਸ਼ਾ-ਨਿਰਦੇਸ਼ਾਂ ਖ਼ਿਲਾਫ਼ ਹੈ। ਰਾਹੁਲ ਨੂੰ 2020 ਸੈਸ਼ਨ ਦੀ ਸ਼ੁਰੂੁਆਤ ਵਿਚ ਆਰ ਅਸ਼ਵਿਨ ਦੀ ਥਾਂ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਬੱਲੇਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਨੂੰ ਪਲੇਆਫ ਤਕ ਨਹੀਂ ਲਿਜਾ ਸਕੇ।
ਹੁਣ ਖ਼ਬਰਾਂ ਹਨ ਕਿ ਉਹ ਲਖਨਊ ਟੀਮ ਨਾਲ ਜੁੜਨ ਜਾ ਰਹੇ ਹਨ। ਪੰਜਾਬ ਟੀਮ ਦੇ ਸਹਿ ਮਾਲਿਕ ਨੈੱਸ ਵਾਡੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਰਾਹੁਲ ਟੀਮ ਵਿਚ ਰਹਿਣ ਪਰ ਉਹ ਨਿਲਾਮੀ ਵਿਚ ਵਾਪਸ ਜਾਣਾ ਚਾਹੁੰਦੇ ਹਨ। ਜੇ ਦੂਜੀਆਂ ਟੀਮਾਂ ਨੇ ਉਨ੍ਹਾਂ ਨਾ ਪਹਿਲਾਂ ਸੰਪਰਕ ਕੀਤਾ ਹੈ ਤਾਂ ਇਹ ਗ਼ਲਤ ਹੈ। ਲਖਨਊ ਨਾਲ ਜੁੜਨ ਦੀ ਰਾਹੁਲ ਨੂੰ ਪੇਸ਼ਕਸ਼ ਮਿਲਣ ਦੀਆਂ ਕਿਆਸ ਅਰਾਈਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਨਹੀਂ ਹੈ ਕਿਉਂਕਿ ਇਹ ਬੀਸੀਸੀਆਈ ਦੇ ਦਿਸ਼ਾ-ਨਿਰਦੇਸ਼ਾਂ ਖ਼ਿਲਾਫ਼ ਹੋਵੇਗਾ।
ਜ਼ਿਕਰਯੋਗ ਹੈ ਕਿ 2010 ਵਿਚ ਰਵਿੰਦਰ ਜਡੇਜਾ ਨੂੰ ਇਕ ਸਾਲ ਦੀ ਮੁਅੱਤਲੀ ਸਹਿਣੀ ਪਈ ਸੀ ਜੋ ਰਾਜਸਥਾਨ ਰਾਇਲਜ਼ ਵੱਲੋਂ ਛੱਡੇ ਜਾਣ ਤੋਂ ਪਹਿਲਾਂ ਹੀ ਦੂਜੀਆਂ ਟੀਮਾਂ ਨਾਲ ਗੱਲਬਾਤ ਕਰ ਰਹੇ ਸਨ। ਨਵੀਆਂ ਟੀਮਾਂ ਲਖਨਊ ਤੇ ਅਹਿਮਦਾਬਾਦ ਕੋਲ ਮੰਗਲਵਾਰ ਨੂੰ ਰਿਲੀਜ਼ ਕੀਤੇ ਗਏ ਖਿਡਾਰੀਆਂ ਵਿਚੋਂ ਤਿੰਨ ਚੁਣਨ ਲਈ 25 ਦਸੰਬਰ ਤਕ ਦਾ ਸਮਾਂ ਹੈ। ਰਾਹੁਲ ਤੋਂ ਇਲਾਵਾ ਅਸ਼ਵਿਨ, ਹਾਰਦਿਕ ਪਾਂਡਿਆ, ਰਾਸ਼ਿਦ ਖ਼ਾਨ ਤੇ ਯੁਜਵਿੰਦਰ ਸਿੰਘ ਚਹਿਲ ਵੀ ਇਨ੍ਹਾਂ ਵਿਚ ਸ਼ਾਮਲ ਹਨ।