ਰਹਾਣੇ ਜਾਂ ਪੁਜਾਰਾ ’ਚੋਂ ਕੋਈ ਇਕ ਹੋ ਸਕਦੈ ਟੀਮ ’ਚੋਂ ਬਾਹਰ, ਵਿਰਾਟ ਦੀ ਵਾਪਸੀ
ਭਾਰਤੀ ਟੀਮ ਅਜਿੰਕੇ ਰਹਾਣੇ ਦੀ ਕਪਤਾਨੀ ਵਿਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਟੈਸਟ ਮੈਚ ਨਹੀਂ ਜਿੱਤ ਸਕੀ। ਭਾਰਤ ਵਿਚ ਜਨਮੇ ਏਜਾਜ਼ ਪਟੇਲ ਤੇ ਭਾਰਤੀ ਮਾਤਾ-ਪਿਤਾ ਦੀ ਸੰਤਾਨ ਰਚਿਨ ਰਵਿੰਦਰ ਨੇ ਆਖ਼ਰੀ 54 ਗੇਂਦਾਂ ’ਤੇ 10ਵੀਂ ਵਿਕਟ ਨਹੀਂ ਡਿੱਗਣ ਦਿੱਤੀ। ਦੋਵੇਂ ਟੀਮਾਂ ਮੰਗਲਵਾਰ ਨੂੰ ਮੁੰਬਈ ਪੁੱਜ ਗਈਆਂ ਹਨ ਤੇ ਸ਼ੁੱਕਰਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਦੂਜਾ ਟੈਸਟ ਸ਼ੁਰੂ ਹੋਵੇਗਾ। ਦੂਜੇ ਟੈਸਟ ਵਿਚ ਵਿਰਾਟ ਕੋਹਲੀ ਦੀ ਕਪਤਾਨ ਵਜੋਂ ਵਾਪਸੀ ਹੋਵੇਗੀ ਤੇ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਉਹ ਆਉਣਗੇ ਤਾਂ ਆਖ਼ਰੀ ਇਲੈਵਨ ’ਚੋਂ ਬਾਹਰ ਕੌਣ ਜਾਵੇਗਾ? ਸਭ ਦੇ ਨਿਸ਼ਾਨੇ ’ਤੇ ਚੇਤੇਸ਼ਵਰ ਪੁਜਾਰਾ ਤੇ ਅਜਿੰਕੇ ਰਹਾਣੇ ਹਨ। ਦੋਵਾਂ ਦੀ ਲੈਅ ਕਾਫੀ ਸਮੇਂ ਤੋਂ ਖ਼ਰਾਬ ਚੱਲ ਰਹੀ ਹੈ। ਵਿਦੇਸ਼ ਵਿਚ ਤਾਂ ਉਨ੍ਹਾਂ ਦਾ ਬੱਲਾ ਚੱਲਿਆ ਹੀ ਨਹੀਂ ਤੇ ਕਾਨਪੁਰ ਵਿਚ ਉਨ੍ਹਾਂ ਕੋਲ ਲੈਅ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਉਹ ਨਾਕਾਮ ਰਹੇ। ਇਹੀ ਨਹੀਂ ਟੈਸਟ ਵਿਚ ਸ਼ੁਰੂਆਤ ਕਰਨ ਵਾਲੇ ਸ਼੍ਰੇਅਸ ਅਈਅਰ ਨੇ ਪਹਿਲੀ ਪਾਰੀ ਵਿਚ ਸੈਂਕੜਾ ਤੇ ਦੂਜੀ ਪਾਰੀ ਵਿਚ ਅਰਧ ਸੈਂਕੜਾ ਲਾ ਕੇ ਆਪਣੀ ਸੀਟ ਪੱਕੀ ਕਰ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਰਾਟ ਮੁੰਬਈ ਵਿਚ ਘਰੇਲੂ ਮੈਦਾਨ ਵਿਚ ਉੱਪ ਕਪਤਾਨ ਰਹਾਣੇ ਨੂੰ ਇਕ ਹੋਰ ਮੌਕਾ ਦੇ ਸਕਦੇ ਹਨ ਜਦਕਿ ਪੁਜਾਰਾ ਨੂੰ ਬਾਹਰ ਬਿਠਾਇਆ ਜਾ ਸਕਦਾ ਹੈ। ਜੇ ਇਨ੍ਹਾਂ ਦੋਵਾਂ ਨੂੰ ਖਿਡਾਇਆ ਤਾਂ ਭਾਰਤ ਸਿਰਫ਼ ਚਾਰ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ।
ਰਿਕਾਰਡ ਹੈ ਖ਼ਰਾਬ
ਪਿਛਲੇ ਟੈਸਟ ਵਿਚ ਉੱਪ ਕਪਤਾਨ ਰਹੇ ਪੁਜਾਰਾ ਪਿਛਲੀਆਂ 36 ਤੇ ਕਪਤਾਨ ਰਹੇ ਅਜਿੰਕੇ ਰਹਾਣੇ 21 ਪਾਰੀਆਂ ਵਿਚ ਕੋਈ ਸੈਂਕੜਾ ਨਹੀਂ ਲਾ ਸਕੇ ਹਨ। ਹਾਲਾਂਕਿ ਵਿਰਾਟ ਵੀ ਪਿਛਲੇ ਦੋ ਸਾਲ ਤੋਂ ਕ੍ਰਿਕਟ ਦੇ ਹਰ ਫਾਰਮੈਟ ਵਿਚ ਸੈਂਕੜਾ ਲਾਉਣ ਵਿਚ ਨਾਕਾਮ ਰਹੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਤੋਂ ਵੱਧ ਦੌੜਾਂ ਬਣਾਈਆਂ ਹਨ। ਸਾਲ 2020 ਤੋਂ ਹੁਣ ਤਕ ਰਹਾਣੇ ਦਾ 29 ਪਾਰੀਆਂ ਵਿਚ 24.4 ਦਾ ਔਸਤ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਪੁਜਾਰਾ ਨੇ 88 ਗੇਂਦਾਂ ਦਾ ਸਾਹਮਣਾ ਕਰਦੇ ਹੋਏ 26 ਤੇ ਦੂਜੀ ਪਾਰੀ ਵਿਚ 22 ਦੌੜਾਂ ਬਣਾਈਆਂ। ਰਹਾਣੇ ਪਹਿਲੀ ਪਾਰੀ ਵਿਚ 63 ਗੇਂਦਾਂ ਵਿਚ 35 ਤੇ ਦੂਜੀ ਪਾਰੀ ਵਿਚ ਚਾਰ ਦੌੜਾਂ ਬਣਾ ਕੇ ਆਊਟ ਹੋਏ। ਜੇ 2019 ਤੋਂ ਹੁਣ ਤਕ ਟੈਸਟ ਔਸਤ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਤੋਂ ਬਿਹਤਰ ਔਸਤ ਰਵਿੰਦਰ ਜਡੇਜਾ ਦੀ ਹੈ। ਜਡੇਜਾ ਨੇ 43.94 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਜਦਕਿ ਵਿਰਾਟ ਨੇ 39.16 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।