ਤਿੰਨ ਮਹੀਨੇ ਤੋਂ ਲੜਕੀ ਲਾਪਤਾ
ਧਨੌਲਾ, ਪਿੰਡ ਬਡਬਰ ਵਿਖੇ ਇਕ ਲੜਕੀ ਕਈ ਮਹੀਨਿਆਂ ਤੋਂ ਲਾਪਤਾ ਹੈ। ਲੜਕੀ ਦੇ ਭਰਾ ਮੇਜਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਡਬਰ ਨੇ ਦੱਸਿਆ ਕਿ ਉਸਦੀ ਭੈਣ ਪ੍ਰਕਾਸ਼ ਕੌਰ ਇਕ ਸਾਲ ਤੋਂ ਮੋਹਾਲੀ ਵਿਖੇ ਕੁਆਰਟਰ ‘ਚ ਰਹਿ ਰਹੀ ਸੀ ਤੇ ਆਪਣਾ ਬੁਟੀਕ ਚਲਾ ਰਹੀ ਸੀ। ਉਹ 28 ਸਤੰਬਰ ਨੂੰ ਨਿੱਜੀ ਕੰਮ ਲਈ ਆਪਣੀ ਅਲਟੋ ਗੱਡੀ ‘ਚ ਡਰਾਈਵਰ ਨਾਲ ਮੋਗਾ ਵਿਖੇ ਗਈ, ਉਥੇ ਬੱਗੀ ਪਿੰਡ ਦੇ ਪੁਲ ਥੱਲੇ ਬਰਨਾਲਾ ਬਾਈਪਾਸ ‘ਤੇ ਆਪਣੀ ਅਲਟੋ ਗੱਡੀ ਖੜ੍ਹਾਈ, ਜਦਕਿ ਡਰਾਈਵਰ ਉਹਦੇ ‘ਚ ਹੀ ਬੈਠਾ ਸੀ। ਉਸ ਨੇ ਦੱਸਿਆ ਕਿ ਇਕ ਇਨੋਵਾ ਗੱਡੀ ਆਈ ਜਿਸ ‘ਚ ਬੈਠ ਕੇ ਉਸਦੀ ਭੈਣ ਚਲੀ ਗਈ ਤੇ ਕੁਝ ਹੀ ਦੇਰ ਬਾਅਦ ਇਕ ਟਾਟਾ ਸੂਮੋ ਗੱਡੀ ਪੁਲਿਸ ਮੁਲਾਜ਼ਮਾਂ ਦੀ ਆਈ, ਜਿਸ ਦੇ ਉੱਪਰ ਲਾਲ ਬੱਤੀ ਲੱਗੀ ਸੀ। ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਡਰਾਈਵਰ ਨੂੰ ਹੱਥਕੜੀ ਲਾ ਕੇ ਲੈ ਗਏ ਤੇ ਕਿਹਾ ਕਿ ਤੁਹਾਡੇ ਨਾਲ ਜੋ ਲੜਕੀ ਸੀ, ਉਹ ਚਿੱਟੇ ਨਾਲ ਫੜੀ ਗਈ। ਉਸ ਨੇ ਦੱਸਿਆ ਕਿ ਡਰਾਈਵਰ ਨੂੰ ਕੁਝ ਦੇਰ ਉੱਥੇ ਮੋਗੇ ‘ਚ ਘੁਮਾਈ ਗਏ ਤੇ 5-6 ਘੰਟਿਆਂ ਬਾਅਦ ਉਸ ਨੂੰ ਉਸ ਪੁਲ ਥੱਲੇ ਹੀ ਗੱਡੀ ਸਮੇਤ ਛੱਡ ਗਏ ਤੇ ਕਿਹਾ ਕਿ ਤੈਨੂੰ ਛੱਡ ਦਿੱਤਾ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਕੁਝ ਵਰਦੀ ਵਾਲੇ ਤੇ ਕੁਝ ਚਿੱਟੇ ਕੱਪੜਿਆਂ ਵਾਲੇ ਮੁਲਾਜ਼ਮ ਮੇਰੀ ਭੈਣ ਦੇ ਕੁਆਰਟਰ ‘ਚ ਤਲਾਸ਼ੀ ਲੈਣ ਲਈ ਚਲੇ ਗਏ ਸਨ ਜਦੋਂ ਕਿ ਦੌਧਰ ਪਿੰਡ ਦੇ ਸਰਪੰਚ ਦੀ ਉਹੀ ਇਨੋਵਾ ਗੱਡੀ ਉਨਾਂ੍ਹ ਨਾਲ ਸੀ, ਉੱਥੋਂ ਕੁਝ ਨਾ ਮਿਲਣ ‘ਤੇ ਉਹ ਚਲੇ ਗਏ। ਮੇਜਰ ਸਿੰਘ ਨੇ ਪੁਲਿਸ ਅੱਗੇ ਗੁਹਾਰ ਲਾਉਂਦੇ ਹੋਏ ਕਿਹਾ ਕਿ ਮੇਰੀ ਭੈਣ ਗਾਇਬ ਹੋਈ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਕਿ ਉਹ ਜੇਲ੍ਹ ਚ ਹੈ ਜਾਂ ਕਿਤੇ ਹੋਰ। ਇਸ ਸਬੰਧੀ ਪੜਤਾਲ ਕੀਤੀ ਜਾਵੇ। ਇਸ ਮੌਕੇ ਪਿੰਡ ਬਡਬਰ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ, ਮੈਂਬਰ ਕੌਰ ਸਿੰਘ, ਮੈਂਬਰ ਮਿੱਠੂ ਸਿੰਘ, ਬਾਬਾ ਜਸਵੰਤ ਸਿੰਘ, ਬਲਵੀਰ ਸਿੰਘ, ਜੱਗਾ ਸਿੰਘ, ਅਨੂਪ ਸਿੰਘ, ਬੂਟਾ ਸਿੰਘ, ਗੁਰਪਾਲ ਸਿੰਘ, ਮਹਿੰਦਰ ਸਿੰਘ, ਮੇਜਰ ਸਿੰਘ, ਬਲਜੀਤ ਸਿੰਘ ਬਡਬਰ, ਕੁਲਵੰਤ ਕੌਰ, ਬਲਜੀਤ ਕੌਰ, ਸੇਵਕ ਸਿੰਘ, ਸੰਦੀਪ ਕੌਰ, ਜਸਬੀਰ ਕੌਰ, ਰਘਵੀਰ ਕੌਰ ਆਦਿ ਨੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੰਦਿਆਂ ਦੱਸਿਆ ਕਿ ਜੇਕਰ ਕੁੜੀ ਦਾ ਪਤਾ ਨਾ ਲੱਗਿਆ ਤਾਂ ਸਮੂਹ ਪਿੰਡ ਵਾਸੀ ਤੇ ਕਿਸਾਨ ਯੂਨੀਅਨ ਨਾਲ ਮਿਲਕੇ ਸੰਘਰਸ਼ ਵਿਢਾਂਗੇ। ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਬਠਿੰਡਾ ਚੰਡੀਗੜ੍ਹ ਕੌਮੀ ਮੁੱਖ ਮਾਰਗ ਜਾਮ ਵੀ ਕੀਤਾ ਜਾਵੇਗਾ।