ਡਲਿਵਰੀ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ ‘ਚ ਆ ਰਹੀ ਹੈ ਦਿੱਕਤ ਤਾਂ ਜਾਣੋ ਬ੍ਰੈਸਟ ਮਿਲਕ ਵਧਾਉਣ ਦੇ ਉਪਾਅ
ਲਾਈਫਸਟਾਈਲ ਡੈਸਕ : ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਭੋਜਨ ਹੁੰਦਾ ਹੈ। ਕੁਝ ਔਰਤਾਂ ਪਹਿਲੇ ਜਣੇਪੇ ਤੋਂ ਬਾਅਦ ਆਪਣੇ ਬੱਚੇ ਨੂੰ ਦੁੱਧ ਪਿਲਾਉਣ ‘ਚ ਅਸਮਰੱਥ ਹੁੰਦੀਆਂ ਹਨ। ਦੁੱਧ ਨਾ ਪਿਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਛਾਤੀ ‘ਚੋਂ ਦੁੱਧ ਨਹੀਂ ਉਤਰਦਾ, ਜਿਸ ਦਾ ਸਭ ਤੋਂ ਵੱਡਾ ਕਾਰਨ ਹੈ ਦੁੱਧ ਦੀਆਂ ਨਾੜੀਆਂ ‘ਚ ਦੁੱਧ ਨਾ ਬਣਨਾ। ਬ੍ਰੈਸਟ ਮਿਲਕ ਘੱਟ ਆਉਣ ਕਾਰਨ ਬੱਚਾ ਭੁੱਖਾ ਰਹਿੰਦਾ ਹੈ ਤੇ ਉਸ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲਦਾ, ਜਿਸ ਕਾਰਨ ਉਹ ਕਮਜ਼ੋਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਬ੍ਰੈਸਟ ‘ਚ ਦੁੱਧ ਦੀ ਕਮੀ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਉਸ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਦੱਸਾਂਗੇ।
ਓਟਮੀਲ ਨੂੰ ਡਾਈਟ ‘ਚ ਕਰੋ ਸ਼ਾਮਲ
ਮਾਂ ਦਾ ਦੁੱਧ ਵਧਾਉਣ ਲਈ ਔਰਤਾਂ ਨੂੰ ਨਾਸ਼ਤੇ ‘ਚ ਫਾਈਬਰ ਨਾਲ ਭਰਪੂਰ ਓਟਸ ਖਾਣੇ ਚਾਹੀਦੇ ਹਨ। ਇਹ ਸਰੀਰ ਨੂੰ ਊਰਜਾ ਦਿੰਦੇ ਹਨ, ਨਾਲ ਹੀ ਬ੍ਰੈਸਟ ਮਿਲਕ ਵਧਾਉਣ ‘ਚ ਵੀ ਮਦਦ ਕਰਦੇ ਹਨ।
ਪਾਲਕ ਖਾਓ
ਸਰੀਰ ‘ਚ ਆਇਰਨ ਦੀ ਕਮੀ ਪਾਲਕ ਖਾਣ ਨਾਲ ਪੂਰੀ ਹੁੰਦੀ ਹੈ। ਪਾਲਕ ‘ਚ ਫੋਲਿਕ ਐਸਿਡ ਤੇ ਕੈਲਸ਼ੀਅਮ ਹੁੰਦਾ ਹੈ ਜੋ ਮਾਂ ਤੇ ਬੱਚੇ ਦੋਵਾਂ ਨੂੰ ਸਿਹਤਮੰਦ ਰੱਖਦਾ ਹੈ। ਪਾਲਕ ਦੇ ਨਿਯਮਤ ਸੇਵਨ ਨਾਲ ਬ੍ਰੈਸਟ ਮਿਲਕ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ।
ਫਾਇਦੇਮੰਦ ਹੈ ਸੌਂਫ
ਦੁੱਧ ਵਧਾਉਣ ਲਈ ਜਣੇਪੇ ਤੋਂ ਬਾਅਦ ਮਾਵਾਂ ਸੌਂਫ ਦਾ ਸੇਵਨ ਕਰਨ। ਸੌਂਫ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੀ ਹੈ। ਤੁਸੀਂ ਸੌਂਫ ਦਾ ਸੇਵਨ ਮਾਊਥ ਫ੍ਰੈਸ਼ਨਰ ਦੇ ਤੌਰ ‘ਤੇ ਵੀ ਕਰ ਸਕਦੇ ਹੋ। ਖਾਣਾ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਸਾਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।
ਲੱਸਣ ਜ਼ਰੂਰੀ
ਬ੍ਰੈਸਟ ਮਿਲਕ ਵਧਾਉਣ ਲਈ ਲੱਸਣ ਸਭ ਤੋਂ ਵਧੀਆ ਹੈ। ਇਸ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਦੁੱਧ ਬਣਾਉਣ ਦੀ ਪ੍ਰਕਿਰਿਆ ‘ਚ ਮਦਦ ਕਰਦੇ ਹਨ। ਲੱਸਣ ਦੀਆਂ ਕੁਝ ਕਲੀਆਂ ਨੂੰ ਭੁੰਨ ਕੇ ਸੂਪ ਜਾਂ ਸਬਜ਼ੀਆਂ ‘ਚ ਮਿਲਾ ਕੇ ਖਾਧਾ ਜਾ ਸਕਦਾ ਹੈ।
ਤੁਲਸੀ ਵੀ ਜ਼ਰੂਰੀ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਬ੍ਰੈਸਟ ਮਿਲਕ ਵਧਾਉਣ ਅਤੇ ਮਾਂ ਤੇ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਕੰਮ ਕਰਦੇ ਹਨ। ਤੁਲਸੀ ਦੀਆਂ ਪੱਤੀਆਂ ਨੂੰ ਗਰਮ ਪਾਣੀ ‘ਚ ਪਾ ਕੇ ਪੀਓ, ਫਾਇਦਾ ਹੋਵੇਗਾ।