healthFeature NewsNews

ਲਾਇਲਾਜ ਬਿਮਾਰੀਆਂ , ਮੌਤ ਨੂੰ ਸੱਦਾ

ਸਾਡੇ ਦੇਸ਼ ’ਚ ਤੰਬਾਕੂਨੋਸ਼ੀ ਸਦੀਆਂ ਤੋਂ ਵੱਡੀ ਸਮੱਸਿਆ ਰਹੀ ਹੈ। ਹਾਲਾਂਕਿ ਪੁਰਾਣੇ ਸਮਿਆਂ ’ਚ ਅਨਪੜ੍ਹਤਾ ਤੇ ਜਾਗਰੂਕਤਾ ਦੀ ਘਾਟ ਕਾਰਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ’ਚ ਗਿਆਨ ਦੀ ਘਾਟ ਸੀ ਪਰ ਅੱਜ ਜਦੋਂ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਕਿ ਤੰਬਾਕੂਨੋਸ਼ੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਜਨਕ ਹੈ, ਫਿਰ ਵੀ ਲੋਕ ਧੜੱਲੇ ਨਾਲ ਇਸ ਦੀ ਵਰਤੋਂ ਕਰ ਕੇ ਮੌਤ ਨੂੰ ਗਲ਼ ਲਾ ਰਹੇ ਹਨ। ਦੇਸ਼ ’ਚ ਹਰ ਰੋਜ਼ ਤਕਰੀਬਨ 2800 ਲੋਕਾਂ ਦੀ ਮੌਤ ਤੰਬਾਕੂ ਉਤਪਾਦਾਂ ਦੀ ਵਰਤੋਂ ਕਾਰਨ ਹੁੰਦੀ ਹੈ। ਜ਼ਰਾ ਸੋਚੋ ਦੁਨੀਆ ’ਚ ਹਰ ਘੰਟੇ 600 ਲੋਕ ਇਸ ਮਿੱਠੇ ਜ਼ਹਿਰ ਕਾਰਨ ਮਰ ਰਹੇ ਹਨ। ਤੰਬਾਕੂਨੋਸ਼ੀ, ਖ਼ਾਸਕਰ ਬੀੜੀ ਜਾਂ ਸਿਗਰਟ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਪੈਦਾ ਕਰਦੀ ਹੈ, ਜਿਨ੍ਹਾਂ ਵਿੱਚੋਂ ਨਿਕੋਟੀਨ ਸਭ ਤੋਂ ਖ਼ਤਰਨਾਕ ਹੈ।

ਲਾਇਲਾਜ ਬਿਮਾਰੀਆਂ ਦਾ ਵੱਡਾ ਕਾਰ

ਤੰਬਾਕੂਨੋਸ਼ੀ ਨਾਮੁਰਾਦ ਤੇ ਲਾਇਲਾਜ ਬਿਮਾਰੀਆਂ ਦਾ ਵੱਡਾ ਕਾਰਨ ਹੈ। ਕੈਂਸਰ ਦੇ ਹਰ 100 ਮਰੀਜ਼ਾਂ ’ਚੋਂ ਲਗਪਗ 30 ਲੋਕ ਤੰਬਾਕੂ ਕਾਰਨ ਇਸ ਬਿਮਾਰੀ ਦੀ ਲਪੇਟ ’ਚ ਆਉਂਦੇ ਹਨ। ਔਰਤਾਂ ਲਈ ਤਾਂ ਇਹ ਹੋਰ ਵੀ ਖ਼ਤਰਨਾਕ ਹੈ। ਉਪਰੋਕਤ ਬਿਮਾਰੀਆਂ ਤੋਂ ਇਲਾਵਾ ਇਸ ਨਾਲ ਉਨ੍ਹਾਂ ਨੂੰ ਬੱਚਾ ਨਾ ਹੋਣਾ, ਬੱਚੇਦਾਨੀ ਦਾ ਕੈਂਸਰ, ਵਾਰ-ਵਾਰ ਗਰਭਪਾਤ ਹੋਣਾ ਤੇ ਮਰੇ ਬੱਚੇ ਦਾ ਜਨਮ ਆਦਿ ਵਰਗੇ ਰੋਗ ਹੋ ਸਕਦੇ ਹਨ। ਸਾਡੇ ਦੇਸ਼ ’ਚ ਤੰਬਾਕੂਨੋਸ਼ੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਾਲ 2003 ’ਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ, ਜਿਸ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਤੰਬਾਕੂ ਸਬੰਧਤ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਆਦਿ ਨੂੰ ਕਾਨੰੂਨੀ ਅਪਰਾਧ ਐਲਾਨਿਆ ਗਿਆ ਹੈ ਪਰ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਤੰਬਾਕੂ ਕੰਪਨੀਆਂ ਤੇ ਕਈ ਵਪਾਰੀ-ਦੁਕਾਨਦਾਰ ਆਪਣੇ ਸੌੜੇ ਵਪਾਰਕ ਹਿੱਤਾਂ ਕਾਰਨ ਸਰੇਆਮ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਹਨ ਤੇ ਦੇਸ਼ਵਾਸੀਆਂ ਦੀ ਸਿਹਤ ਨਾਲ ਸਰੇਆਮ ਖਿਲਵਾੜ ਜਾਰੀ ਹੈ।

 

ਜਾਨਲੇਵਾ ਹੈ ਨਿਕੋਟੀਨ

ਨਿਕੋਟੀਨ ਜਾਨਲੇਵਾ ਜ਼ਹਿਰ ਹੈ। ਤੰਬਾਕੂ ’ਚ ਪਾਇਆ ਜਾਣ ਵਾਲਾ ਇਹ ਨਿਕੋਟੀਨ ਹੀ ਵਿਅਕਤੀ ਨੂੰ ਨਸ਼ੇ ਦੀ ਆਦਤ ’ਚ ਫਸਾਉਣ ਦਾ ਕੰਮ ਕਰਦਾ ਹੈ, ਜੋ ਵੱਖ-ਵੱਖ ਜਾਨਲੇਵਾ ਬਿਮਾਰੀਆਂ ਦਾ ਜਨਮਦਾਤਾ ਹੈ। ਇਹ ਨਾੜੀਤੰਤਰ ਤੇ ਖ਼ਾਸਕਰ ਫੇਫੜਿਆਂ ਨੂੰ ਖ਼ਤਮ ਕਰ ਦਿੰਦਾ ਹੈ। ਨਿਕੋਟੀਨ ਕਾਰਨ ਵਿਅਕਤੀ ਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਗਲੇ ਤੇ ਮੂੰਹ ਦਾ ਕੈਂਸਰ, ਪੇਟ ਦੇ ਖ਼ਤਰਨਾਕ ਰੋਗ, ਫੇਫੜੇ ਦਾ ਕੈਂਸਰ, ਦਮਾ, ਅੱਖਾਂ ਦੇ ਰੋਗ, ਨਾਮਰਦੀ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਤੰਬਾਕੂਨੋਸ਼ੀ ਹੈ।

ਮੌਤਾਂ ਦੀ ਗਿਣਤੀ ’ਚ ਹੋਇਆ ਤਿੰਨ ਗੁਣਾ ਵਾਧਾ

ਬੜੀ ਨਮੋਸ਼ੀ ਦੀ ਗੱਲ ਹੈ ਕਿ ਪੂਰੀ ਦੁਨੀਆ ’ਚ ਬਿਨਾਂ ਧੂੰਏਂ ਵਾਲੇ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੀ ਬਿਮਾਰੀਆਂ ’ਚ ਸਾਡੀ ਦੁਨੀਆ ’ਚ ਲਗਪਗ 70 ਫ਼ੀਸਦੀ ਹਿੱਸੇਦਾਰੀ ਹੈ। ਪਾਨ ਮਸਾਲਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ ਅੱਜ-ਕੱਲ੍ਹ ਤੰਬਾਕੂ ਦੀ ਨਵੀਂ ਕਿਸਮ ਫਲੈਵਰਡ ਪੈਕਡ ਦੇ ਰੂਪ ’ਚ ਬਹੁਤ ਤੇਜ਼ੀ ਨਾਲ ਪ੍ਰਚਲਿਤ ਹੋਈ ਹੈ। ਖ਼ਾਸਕਰ ਪੰਜਾਬ ’ਚ ਨੌਜਵਾਨ ਵਰਗ ਇਸ ਨਵੇਂ ਪ੍ਰਚਲਿਤ ਤੰਬਾਕੂ ਦੀ ਲਪੇਟ ’ਚ ਪੂਰੀ ਤਰ੍ਹਾਂ ਆ ਚੁੱਕਿਆ ਹੈ। ਪਿੱਛੇ ਜਿਹੇ ਯਾਰਕ ਯੂਨੀਵਰਸਿਟੀ ਵੱਲੋਂ ਕੀਤੇ ਸਰਵੇਖਣ ਰਾਹੀਂ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ ਕਿ ਪਿਛਲੇ ਸੱਤ ਸਾਲਾਂ ਦੌਰਾਨ ਦੁਨੀਆ ’ਚ ਬਿਨਾਂ ਧੂੰਏਂ ਵਾਲੇ ਤੰਬਾਕੂ ਉਤਪਾਦਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ’ਚ ਤਿੰਨ ਗੁਣਾ ਵਾਧਾ ਹੋਇਆ ਹੈ।

ਕਮਜ਼ੋਰ ਹੰੁਦੀ ਹੈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ

ਤੰਬਾਕੂਨੋਸ਼ੀ ਕਰਨਾ ਅਸਲ ’ਚ ਆਪਣੀ ਮੌਤ ਨੂੰ ਖ਼ੁਦ ਸੱਦਾ ਦੇਣਾ ਹੈ ਪਰ ਇਹ ਇੰਨੀ ਬੁਰੀ ਲਤ ਹੈ ਕਿ ਇਸ ਦੇ ਆਦੀ ਲੋਕ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਤੰਬਾਕੂਨੋਸ਼ੀ ਕਰਦੇ ਹਨ। ਪਿੰਡਾਂ ’ਚ ਜਿੱਥੇ ਸੱਥਾਂ ਵਿਚ ਸਾਂਝੇ ਤੌਰ ’ਤੇ ਹੁੱਕਾ ਪੀ ਕੇ ਤੰਬਾਕੂਨੋਸ਼ੀ ਕੀਤੀ ਜਾਂਦੀ ਹੈ, ਇਹ ਸਾਂਝੀ ਹੁੱਕੇਬਾਜ਼ੀ ਲਾਗ ਦੀਆਂ ਬਿਮਾਰੀਆਂ ਨੂੰ ਫੈਲਾਉਣ ਦਾ ਵੱਡਾ ਕਾਰਨ ਬਣਦੀ ਹੈ, ਖ਼ਾਸਕਰ ਟੀਬੀ ਵਰਗੀ ਬਿਮਾਰੀ ਫੈਲਾਉਣ ਦਾ। ਬੀੜੀ, ਸਿਗਰਟ ਤੇ ਹੁੱਕੇ ਦੇ ਸ਼ਿਕਾਰ ਲੋਕਾਂ ਨੂੰ ਅਕਸਰ ਹੀ ਖੰਘ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ’ਤੇ ਕੋਈ ਵੀ ਦਵਾਈ ਅਸਰ ਨਹੀਂ ਕਰਦੀ।

ਯਾਦ ਰੱਖੋ ਕਿ ਹੁੱਕੇ ਰਾਹੀਂ ਤੰਬਾਕੂ ਪੀਣਾ ਕੋਈ ਚੌਧਰ ਦਾ ਪ੍ਰਤੀਕ ਨਹੀਂ ਸਗੋਂ ਤੁਹਾਡੇ ਮਾਨਸਿਕ ਖੋਖਲੇਪਨ ਦਾ ਖੁੱਲ੍ਹਾ ਪ੍ਰਗਟਾਵਾ ਹੈ। ਸ਼ੁਰੂਆਤ ’ਚ ਤਾਂ ਤੰਬਾਕੂ ਦੀ ਵਰਤੋਂ ਸ਼ੌਕ ਵਜੋਂ ਕੀਤੀ ਜਾਂਦੀ ਹੈ ਪਰ ਇਹ ਸ਼ੌਕ ਕਦੋਂ ਆਦਤ ਬਣ ਜਾਂਦਾ ਹੈ ਪਤਾ ਹੀ ਨਹੀਂ ਲਗਦਾ। ਤੰਬਾਕੂਨੋਸ਼ੀ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈ। ਕੋਰੋਨਾ ਵਰਗੀ ਮਹਾਮਾਰੀ ਦਾ ਖ਼ਤਰਾ ਵਧਾਉਣ ’ਚ ਵੀ ਤੰਬਾਕੂਨੋਸ਼ੀ ਦਾ ਵੱਡਾ ਯੋਗਦਾਨ ਹੈ।

ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਮਿੱਠੇ ਜ਼ਹਿਰ ਨੂੰ ਤੁਰੰਤ ਛੱਡ ਦੇਣ ’ਚ ਹੀ ਭਲਾਈ ਹੈ।

ਹਰ ਸਾਲ ਦੁਨੀਆ ’ਚ 80 ਲੱਖ ਲੋਕ ਇਸ ਜ਼ਹਿਰ ਕਾਰਨ ਆਪਣੀ ਜਾਨ ਗਵਾ ਰਹੇ ਹਨ। ਸੋ ਆਓ ਆਪਾਂ ਸਾਰੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਅੱਜ ਤੋਂ ਹੀ ਪ੍ਰਣ ਲਈਏ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦੀ ਨਾ ਤਾਂ ਵਰਤੋਂ ਕਰਾਂਗੇ ਤੇ ਨਾ ਹੀ ਇਨ੍ਹਾਂ ਦਾ ਵਪਾਰ ਕਰਾਂਗੇ। ਉਮੀਦ ਹੈ ਕਿ ਸਾਡੀਆਂ ਸਰਕਾਰਾਂ ਪੂਰੇ ਦੇਸ਼ ’ਚ ਹੀ ਇਸ ਜ਼ਹਿਰ ਦੇ ਨਿਰਮਾਣ ਉੱਤੇ ਰੋਕ ਲਗਾਉਣ ਦਾ ਪਵਿੱਤਰ ਕਾਰਜ ਜਲਦੀ ਹੀ ਨੇਪਰੇ ਚਾੜ੍ਹਨਗੀਆਂ, ਤਾਂ ਜੋ ਪੂਰੇ ਦੇਸ਼ ਵਿਚ ਤੰਬਾਕੂਨੋਸ਼ੀ ਰਾਹੀਂ ਫੈਲ ਰਹੀਆਂ ਬਿਮਾਰੀਆਂ ਦੀ ਹਨੇਰੀ ਨੂੰ ਮੱਧਮ ਕੀਤਾ ਜਾ ਸਕੇ।

Leave a Reply

Your email address will not be published. Required fields are marked *