ਸ੍ਰੀ ਜਵਾਲਾਮੁਖੀ ਮੰਦਰ ’ਚ ਨਤਮਸਤਕ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ
ਜਵਾਲਾਮੁਖੀ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸ੍ਰੀ ਜਵਾਲਾਮੁਖੀ ਮੰਦਰ ’ਚ ਮੱਥਾ ਟੇਕਿਆ। ਉਹ ਐਤਵਾਰ ਨੂੰ ਮਾਂ ਬਗਲਾਮੁਖੀ ਮੰਦਰ ਤੋਂ ਜਵਾਲਾਮੁਖੀ ਪਹੁੰਚੇ। ਇਸ ਦੌਰਾਨ ਸਾਬਕਾ ਵਿਧਾਇਕ ਸੰਜੇ ਰਤਨ, ਨਗਰ ਪ੍ਰੀਸ਼ਦ ਪ੍ਰਧਾਨ ਧਰਮਿੰਦਰ ਸ਼ਰਮਾ, ਉਪ ਪ੍ਰਧਾਨ ਸ਼ਿਵ ਕੁਮਾਰ ਤੇ ਬਲਾਕ ਕਾਂਗਰਸ ਦੇ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਐੱਸਡੀਐੱਮ ਜਵਾਲਾਮੁਖੀ ਮਨੋਜ ਠਾਕੁਰ ਤੇ ਮੰਦਰ ਦੇ ਅਧਿਕਾਰੀ ਦੀਨਾਨਾਥ ਯਾਦਵ ਨੇ ਚੰਨੀ ਨੂੰ ਸਿਰੋਪਾ ਭੇਟ ਕੀਤਾ।
ਚੰਨੀ ਨੇ ਸ਼ਨਿਚਰਵਾਰ ਰਾਤ 10 ਵਜੇ ਤੋਂ ਇਕ ਵਜੇ ਤਕ ਬਗਲਾਮੁਖੀ ਮੰਦਰ ’ਚ ਵਿਸ਼ੇਸ਼ ਪੂਜਾ ਦੇ ਨਾਲ ਹਵਨ ਯੱਗ ਕੀਤਾ ਸੀ। ਉਨ੍ਹਾਂ ਮਾਂ ਬਗਲਾਮੁਖੀ ਮੰਦਰ ’ਚ ਹੀ ਰਾਤ ਗੁਜ਼ਾਰੀ ਸੀ। ਜਵਾਲਾਮੁਖੀ ਮੰਦਰ ’ਚ ਬੇਹੱਦ ਸਾਦੇ ਢੰਗ ਨਾਲ ਦਰਸ਼ਨ ਕਰਨ ਲਈ ਉਹ ਆਏ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਸਮੇਤ ਹੋਰਨਾਂ ਰਾਜਾਂ ਦੀਆਂ ਕੁਝ ਔਰਤਾਂ ਤੇ ਬਜ਼ੁਰਗਾਂ ਦੇ ਪੈਰ ਵੀ ਛੂਹੇ। ਚੰਨੀ ਸੁਰੱਖਿਆ ਘੇਰੇ ਤੋਂ ਬੇਪ੍ਰਵਾਹ ਹੋ ਕੇ ਹਰ ਵਿਅਕਤੀ ਨਾਲ ਸੈਲਫੀ ਲਈ ਅੱਗੇ ਆਏ ਜੋ ਉਨ੍ਹਾਂ ਨਾਲ ਫੋਟੋ ਕਰਵਾਉਣਾ ਚਾਹੁੰਦੇ ਸਨ।