ਠੰਢ ‘ਚ ਜੋੜਾਂ ਦੇ ਦਰਦ ਨੇ ਕੀਤਾ ਹੋਇਆ ਹੈ ਪਰੇਸ਼ਾਨ, ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਇਸਦਾ ਇਲਾਜ
ਹੱਡੀਆਂ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਸਰਦੀਆਂ ‘ਚ ਹੋਰ ਵੱਧ ਜਾਂਦੀਆਂ ਹਨ। ਅਜਿਹਾ ਤਾਪਮਾਨ ‘ਚ ਗਿਰਾਵਟ ਕਾਰਨ ਹੁੰਦਾ ਹੈ, ਜਿਸ ਕਾਰਨ ਨਾੜੀਆਂ ਸੁੰਗੜਨ ਲੱਗਦੀਆਂ ਹਨ। ਖ਼ੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ। ਹੱਡੀਆਂ ਵਿੱਚ ਲਚਕੀਲੇਪਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਜੋੜਾਂ ‘ਚ ਅਕੜਾਅ ਆ ਜਾਂਦਾ ਹੈ। ਠੰਢ ਵਧਣ ਨਾਲ ਦਰਦ ਵੀ ਵਧਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਘਾਟ ਵੀ ਇਸ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਲਈ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਇਹ ਘਰੇਲੂ ਨੁਸਖੇ ਬਹੁਤ ਫਾਇਦੇਮੰਦ ਹੋ ਸਕਦੇ ਹਨ।
ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਦੁੱਧ ‘ਚ ਹਲਦੀ ਮਿਲਾ ਕੇ ਪੀਓ ਕਿਉਂਕਿ ਇਸ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ।
- ਆਪਣੀ ਖੁਰਾਕ ‘ਚ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਪਦਾਰਥਾਂ ਦੀ ਮਾਤਰਾ ਵਧਾਓ। ਜੋ ਤੁਹਾਡੇ ਜੋੜਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦੇ ਹਨ।
- ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਲਸਣ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ। ਸਵੇਰੇ ਖਾਲੀ ਪੇਟ ਲਸਣ ਦੀਆਂ 2 ਤੋਂ 3 ਕਲੀਆਂ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਸਰ੍ਹੋਂ ਦੇ ਤੇਲ ‘ਚ ਲਸਣ ਦੀਆਂ ਕਲੀਆਂ ਨੂੰ ਗਰਮ ਕਰੋ ਤੇ ਦਰਦ ਹੋਣ ‘ਤੇ ਇਸ ਦੀ ਮਾਲਿਸ਼ ਕਰੋ। ਇਹ ਵੀ ਫਾਇਦੇਮੰਦ ਹੈ।
- ਬਦਾਮ ‘ਚ ਓਮੇਗਾ 3 ਫੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਦੀ ਵਰਤੋਂ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਸਵੇਰੇ 4-5 ਭਿੱਜੇ ਹੋਏ ਬਦਾਮ ਜ਼ਰੂਰ ਖਾਓ। ਇਸ ਤੋਂ ਇਲਾਵਾ ਮੂੰਗਫਲੀ ਅਤੇ ਮੱਛੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। ਇਸ ਵਿਚ ਫੈਟੀ ਐਸਿਡ ਵੀ ਹੁੰਦੇ ਹਨ।
- ਡੀਹਾਈਡਰੇਸ਼ਨ ਵੀ ਤੁਹਾਡੀਆਂ ਮਾਸਪੇਸ਼ੀਆਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ। ਇਸ ਲਈ ਦਿਨ ਭਰ ਪਾਣੀ ਕਾਫੀ ਮਾਤਰਾ ‘ਚ ਪੀਓ। ਠੰਢ ਵਿੱਚ ਰਿਫਾਇੰਡ ਕਾਰਬੋਹਾਈਡਰੇਟ, ਪ੍ਰੋਸੈੱਸਡ ਫੂਡ, ਵਾਧੂ ਨਮਕ ਤੇ ਚੀਨੀ ਦੇ ਸੇਵਨ ਤੋਂ ਪਰਹੇਜ਼ ਕਰੋ।
- ਜੋੜਾਂ ਦੇ ਦਰਦ ਤੋਂ ਪੀੜਤ ਵਿਅਕਤੀ ਨੂੰ ਠੰਢੇ ਪਾਣੀ ਨਾਲ ਬਿਲਕੁਲ ਵੀ ਨਹਾਉਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਪੈਰਾਂ ਨੂੰ ਕੁਝ ਦੇਰ ਗਰਮ ਪਾਣੀ ‘ਚ ਰੱਖਣ ਨਾਲ ਜੋੜਾਂ ਦੇ ਦਰਦ ‘ਚ ਆਰਾਮ ਮਿਲਦਾ ਹੈ।
- ਗਰਮ ਪਾਣੀ ਦਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਸੋਜ਼ਿਸ਼ ਜ਼ਿਆਦਾ ਹੋਣ ‘ਤੇ ਕੱਪੜੇ ‘ਚ ਲਪੇਟ ਕੇ ਬਰਫ ਦੀ ਵਰਤੋਂ ਕਰਨਾ ਵੀ ਫਾਇਦੇਮੰਦ ਹੁੰਦਾ ਹੈ।
- ਸੇਂਧਾ ਨਮਕ ‘ਚ ਮੈਗਨੀਸ਼ੀਅਮ ਤੇ ਸਲਫੇਟ ਹੁੰਦਾ ਹੈ, ਜੋ ਕਿ ਦੋਵੇਂ ਬਹੁਤ ਸ਼ਕਤੀਸ਼ਾਲੀ ਦਰਦ-ਰਹਿਤ ਏਜੰਟ ਹਨ। ਜਿਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਨਹਾਉਣ ਦੇ ਪਾਣੀ ‘ਚ ਇਕ ਚਮਚ ਸੇਂਧਾ ਨਮਕ ਮਿਲਾ ਸਕਦੇ ਹੋ ਜਾਂ ਇਸ ਨਾਲ ਦਰਦ ਵਾਲੀਆਂ ਥਾਵਾਂ ਦੀ ਸਿਕਾਈ ਕਰ ਸਕਦੇ ਹੋ।
ਇਨ੍ਹਾਂ ਘਰੇਲੂ ਨੁਸਖਿਆਂ ਦੇ ਨਾਲ-ਨਾਲ ਹਲਕੀ ਕਸਰਤ ਵੀ ਕਰੋ। ਜੇਕਰ ਦਰਦ ਲੰਬੇ ਸਮੇਂ ਤਕ ਬਣਿਆ ਰਹੇ ਤਾਂ ਡਾਕਟਰ ਨੂੰ ਮਿਲਣ ‘ਚ ਦੇਰ ਨਾ ਕਰੋ।