ਗੁਣਾਂ ਦੀ ਖਾਣ ਹੈ ਖਸਖਸ, ਕਬਜ਼ ਸਮੇਤ ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ
ਜੜੀ-ਬੂਟੀਆਂ ਤੇ ਬੀਜ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਰੋਜ਼ਾਨਾ ਦੀ ਜ਼ਿੰਦਗੀ ‘ਚ ਅਸੀਂ ਕਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇਕ ਖਸਖਸ ਦਾ ਨਾਂ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਖਸਖਸ ਦੇ ਬੀਜ, ਜਿਨ੍ਹਾਂ ਨੂੰ ਪੌਪੀ ਸੀਡਜ਼ ਵੀ ਕਿਹਾ ਜਾਂਦਾ ਹੈ, ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਮੌਜੂਦ ਓਮੇਗਾ-6 ਫੈਟੀ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਈਬਰ ਸਾਨੂੰ ਕਈ ਫਾਇਦੇ ਦਿੰਦੇ ਹਨ। ਜੇਕਰ ਤੁਸੀਂ ਅਜੇ ਵੀ ਖਸਖਸ ਦੇ ਇਨ੍ਹਾਂ ਚਮਤਕਾਰੀ ਗੁਣਾਂ ਤੋਂ ਅਣਜਾਣ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਕੁਝ ਹੈਰਾਨੀਜਨਕ ਫਾਇਦਿਆਂ ਬਾਰੇ ਦੱਸਾਂਗੇ
ਪਾਚਨ ਤੰਤਰ ਲਈ ਫਾਇਦੇਮੰਦ ਖਸਖਸ
ਖਸਖਸ ‘ਚ ਮੌਜੂਦ ਅਘੁਲਣਸ਼ੀਲ ਫਾਈਬਰ ਪਾਚਨ ਤੰਤਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਮੈਟਾਬੋਲਿਜ਼ਮ ਨੂੰ ਵੀ ਤੇਜ਼ ਕਰਦਾ ਹੈ। ਨਾਲ ਹੀ ਇਹ ਖਾਣਾ ਪਚਾਉਣ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰਦਾ ਹੈ। ਰਾਤ ਭਰ ਪਾਣੀ ‘ਚ ਭਿਗੋ ਦਿਉ ਖਸਖਸ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਪਾਚਣ ਤੰਤਰ ਚੰਗਾ ਰਹਿੰਦਾ ਹੈ।
ਮਜ਼ਬੂਤ ਹੁੰਦੀਆਂ ਹਨ ਹੱਡੀਆਂ
ਖਸਖਸ ‘ਚ ਕੌਪਰ ਤੇ ਕੈਲਸ਼ੀਅਮ ਦੀ ਭਾਰੀ ਮਾਤਰਾ ਪਾਈ ਜਾਂਦੀ ਹੈ। ਖਸਖਸ ਇਨ੍ਹਾਂ ਗੁਣਾਂ ਕਾਰਨ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਬੇਹੱਦ ਮਦਦਗਾਰ ਹੁੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਇਸ ‘ਚ ਮੌਜੂਦ ਮੈਂਗਨੀਜ਼ ਤੇ ਪ੍ਰੋਟੀਨ ਕੋਲੇਜਨ ਹੱਡੀਆਂ ਨੂੰ ਗੰਭੀਰ ਨੁਕਸਾਨ ਤੋਂ ਬਚਾਉਂਦੇ ਹਨ। ਸਵੇਰੇ ਦੁੱਧ ਦੇ ਨਾਲ ਖਸਖਸ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਮੰਨਿਆ ਗਿਆ ਹੈ।
ਮੂੰਹ ਦੇ ਛਾਲਿਆਂ ਲਈ ਅਸਰਦਾਰ
ਖਸਖਸ ਦਾ ਸੇਵਨ ਮੂੰਹ ਦੇ ਛਾਲਿਆਂ ਲਈ ਬੇਹੱਦ ਪ੍ਰਭਾਵਸ਼ਾਲੀ ਹੋਵੇਗਾ। ਤਸੀਰ ‘ਚ ਠੰਢਾ ਹੋਣ ਕਾਰਨ ਇਹ ਪੇਟ ਨੂੰ ਠੰਢਾ ਰੱਖੇਗਾ, ਜਿਸ ਨਾਲ ਮੂੰਹ ਦੇ ਛਾਲਿਆਂ ‘ਚ ਆਰਾਮ ਮਿਲਦਾ ਹੈ। ਜੇਕਰ ਤੁਸੀਂ ਵੀ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਪਾਣੀ ‘ਚ ਭਿਗੋ ਕੇ ਖਸਖਸ ਦੇ ਬੀਜਾਂ ਨੂੰ ਸ਼ਹਿਦ ‘ਚ ਮਿਲਾ ਕੇ ਖਾਣ ਨਾਲ ਫਾਇਦਾ ਮਿਲੇਗਾ।
ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਖਸਖਸ
ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਖਸਖਸ ਇਸ ਤੋਂ ਛੁਟਕਾਰਾ ਪਾਉਣ ‘ਚ ਤੁਹਾਡੀ ਮਦਦ ਕਰ ਸਕਦਾ ਹੈ। ਅਸਲ ‘ਚ ਖਸਖਸ ‘ਚ ਮੌਜੂਦ ਫਾਈਬਰ ਪੇਟ ਨੂੰ ਸਾਫ ਕਰਨ ‘ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪੇਟ ਠੀਕ ਤਰ੍ਹਾਂ ਸਾਫ਼ ਹੋਵੇਗਾ, ਜਿਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਬਲੱਡ ਪ੍ਰੈਸ਼ਰ ਘਟਾਉਂਦਾ ਹੈ
ਬਲੱਡ ਪ੍ਰੈਸ਼ਰ ਦੀ ਸਮੱਸਿਆ ‘ਚ ਵੀ ਖਸਖਸ ਦੀ ਵਰਤੋਂ ਬਹੁਤ ਫਾਇਦੇਮੰਦ ਮੰਨੀ ਗਈ ਹੈ। ਇਸ ‘ਚ ਮੌਜੂਦ ਓਲੀਕ ਐਸਿਡ ਬਲੱਡ ਪ੍ਰੈਸ਼ਰ ਨੂੰ ਘਟਾਉਣ ‘ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਡਾਇਟਰੀ ਫਾਈਬਰ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਕੇ ਚੰਗੇ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ‘ਚ ਕਾਰਗਰ ਹੈ। ਨਾਲ ਹੀ ਇਸ ‘ਚ ਮੌਜੂਦ ਆਇਰਨ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ।
Disclaimer : ਲੇਖ ‘ਚ ਦੱਸੀ ਗਈ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਓ।