ਵਿਦਿਆਰਥੀਆਂ ਦੀ ਕਵਿਤਾ ਸਿਰਜਣ ਵਰਕਸ਼ਾਪ ਲਗਾਈ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਚੌਥਾ ਸਾਹਿਤਕ ਸਮਾਗਮ,ਕਵਿਤਾ ਸਿਰਜਣ ਵਰਕਸ਼ਾਪ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਪਾਈ ਨਵੀਂ ਪਿਰਤ
ਪੰਜਾਬੀ ਪਨੀਰੀ ਨੂੰ ਸਾਹਿਤ ਨਾਲ ਜੋੜਨ ਲਈ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵੱਲੋਂ ਵਿਲੱਖਣ ਉਪਰਾਲਾ ਕੀਤਾ ਗਿਆ। ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਾਡੀ ਸਭਾ ਦਾ ਇਹ ਚੌਥਾ ਸਾਹਿਤਕ ਸਮਾਗਮ ਹੈ ਜੋ ਕਿ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕੀਤਾ ਗਿਆ ਸੀ।ਪੰਜਾਬ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਉਪਰਾਲਾ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ ਜਾਂ ਕਿਤਾਬਾਂ ਨਾਲ ਜੋੜਿਆ ਗਿਆ ਹੋਵੇ। ਐਲ.ਬੀ.ਐਸ.ਆਰੀਆ ਮਹਿਲਾ ਕਾਲਜ ਬਰਨਾਲਾ ਵਿੱਚ ਆਯੋਜਿਤ ਕੀਤੇ ਇਸ ਸਮਾਗਮ ਵਿੱਚ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਚੌਥੀ ਜਮਾਤ ਤੋਂ ਲੈ ਕੇ ਐਮ.ਏ. ਤੱਕ ਦੇ ਵਿਦਿਆਰਥੀਆਂ ਨੇ ਏਨੀ ਠੰਡ ਦੇ ਬਾਵਜੂਦ ਵੀ ਬਹੁਤ ਹੀ ਚਾਅ ,ਉਤਸ਼ਾਹ ਤੇ ਜੋਸ਼ ਨਾਲ ਸ਼ਮੂਲੀਅਤ ਕੀਤੀ।
ਅਜੋਂਕੇ ਪੰਜਾਬੀ ਸਾਹਿਤਕਾਰਾਂ ਨੇ ਨਵੀਂ ਪੁੰਗਰਦੀ ਪਨੀਰੀ ਨਾਲੋਂ ਇੱਕ ਫਾਸਲਾ ਬਣਾ ਰੱਖਿਆ ਹੈ।ਇਸ ਲਈ ਪਾਠਕ ਵਰਗ ਲੇਖਕਾਂ ਨਾਲੋਂ ਟੁੱਟ ਰਿਹਾ ਹੈ। ਇਸ ਲਈ ਅਸੀਂ ਦੋ ਦਿਨ ਕਵਿਤਾ ਸਿਰਜਣ ਵਰਕਸ਼ਾਪ ਲਗਾਈ ਤਾਂ ਕਿ ਵਿਦਿਆਰਥੀ ਵੀ ਲੇਖਕਾਂ ਨਾਲ ਮਿਲ ਜੁਲ ਸਕਣ ਅਤੇ ਉਨ੍ਹਾਂ ਤੋਂ ਕੁਝ ਸਿੱਖ ਸਕਣ।ਇਹ ਵਰਕਸ਼ਾਪ ਜ਼ਿਲ੍ਹਾ ਭਾਸ਼ਾ ਵਿਭਾਗ ਬਰਨਾਲਾ, ਪੰਜਾਬੀ ਸਾਹਿਤ ਸਭਾ ਬਰਨਾਲਾ ਅਤੇ ਲੇਖਕ ਪਾਠਕ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਲਗਾਈਂ ਗਈ ।
ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਮਰ ਵਰਗ ਦੇ ਹਿਸਾਬ ਨਾਲ ਤਿੰਨ ਵੱਖ ਵੱਖ ਕਲਾਸਾਂ ਵਿਚ ਵੰਡਿਆ ਗਿਆ।ਜਿਸ ਵਿਚ ਚੋਥੀ ਤੋਂ ਸੱਤਵੀਂ ਜਮਾਤ ਤੀਕ ਦੇ ਬੱਚਿਆਂ ਦੀ ਇੱਕ ਕਲਾਸ ਵਿੱਚ, ਅੱਠਵੀਂ ਤੋਂ ਦਸਵੀਂ ਜਮਾਤ ਦੇ ਬੱਚੇ ਦੂਸਰੇ ਕਮਰੇ ਵਿਚ ਅਤੇ ਗਿਆਰਵੀਂ ਤੋਂ ਐਮ ਏ ਤੱਕ ਦੇ ਵਿਦਿਆਰਥੀਆਂ ਤੀਸਰੇ ਕਮਰੇ ਵਿਚ ਬੈਠਾ ਕੇ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਸੀ।
ਅਲੱਗ ਅਲੱਗ ਪੱਧਰ ਤੇ ਵਿਦਿਆਰਥੀ ਦੇ ਸਿਖਾਉਣ ਦੀ ਪ੍ਰਕਿਰਿਆ ਪ੍ਰਭਾਵਸ਼ਾਲੀ ਰਹੀ।
ਇਸ ਵਰਕਸ਼ਾਪ ਦੇ ਪਹਿਲੇ ਦਿਨ
ਬਾਲ ਸਾਹਿਤ ਦੇ ਗਾਇਕ ਅਤੇ ਕਵੀ ਕਰਮਜੀਤ ਸਿੰਘ ਗਰੇਵਾਲ ਨੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਇਸ ਸਿਰਜਣ ਵਰਕਸ਼ਾਪ ਵਿੱਚ ਹਾਜਰੀ ਲਵਾਈ। ਉਨ੍ਹਾਂ ਨੇਂ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਵਿਦਿਆਰਥੀਆਂ ਨੇ ਉਨ੍ਹਾਂ ਦੇ ਗਾਏ ਬਾਲ ਗੀਤਾਂ ਨੂੰ ਬਹੁਤ ਪਸੰਦ ਕੀਤਾ।
ਡਾ . ਹਰੀਸ਼ ਕੁਮਾਰ ਜੀ ਨੇ ਗਿਆਰਵੀਂ ਤੋਂ ਐਮ ਏ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਵਿਤਾ, ਕਹਾਣੀ ਲਿਖਣ ਦਾ ਢੰਗ ਕਲਪਨਾ ਕਰਨਾ,ਭਾਵ ਸਿੰਜਾਣੇ, ਇਕਾਂਤ ਚ ਮਨ ਦੀ ਇਕਾਗਰਤਾ ਅਤੇ ਲਿਖਣ ਸ਼ੈਲੀ, ਭਾਸ਼ਾ ਅਤੇ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਲਿਖ ਕੇ ਵਿਖਾਈਆਂ।
ਪ੍ਰੋ. ਹਰਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਲਿਖਣ ਸ਼ੈਲੀ, ਭਾਸ਼ਾ ਲਿਪੀ, ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਸ਼ਾਇਰਾ, ਸਾਹਿਤਕਾਰਾਂ ਦੇ ਜੀਵਨ ਵੇਰਵੇ ਦੇ ਕੇ ਉਨ੍ਹਾਂ ਦੀਆਂ ਲਿਖਤਾਂ ਸੁਣਾਈਆਂ ਅਤੇ ਵੱਖ ਵੱਖ ਲਿਖਣ ਸ਼ੈਲੀ ਵਾਰੇ ਬਹੁਤ ਵਧੀਆ ਦੱਸਿਆ।
ਮੇਜਰ ਸਿੰਘ ਰਾਜਗੜ ਜੀ ਨੇ ਚੌਥੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗੀਤ ਸੁਣਾਏ ਅਤੇ ਉਨ੍ਹਾਂ ਨੂੰ ਤੁਕਬੰਦੀ ਕਰਨੀ ਸਿਖਾਈ। ਬੱਚਿਆਂ ਨੇ ਉਨ੍ਹਾਂ ਦੀਆਂ ਦਿੱਤੀਆਂ ਤੁਕਾਂ ਤੋਂ ਅਗਾਂਹ ਸਤਰਾਂ ਜੋੜ ਕੇ ਸੁਣਾਈਆਂ।
ਕਰਮਜੀਤ ਸਿੰਘ ਗਰੇਵਾਲ ਜੀ ਨੇ ਅੱਠਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਰਜਣ ਪ੍ਰਕਿਰਿਆ ਦੇ ਕੁਦਰਤੀ ਵਹਾਅ ਨੂੰ ਇੱਕ ਲੈਅ ਬੱਧ ਤਰੀਕੇ ਨਾਲ ਲਿਖਣਾ,ਫਿਰ ਉਸ ਨੂੰ ਗਾ ਕੇ ਵੇਖਣਾ ਤੇ ਉਸ ਵਿਚੋਂ ਗਲਤੀਆਂ ਨੂੰ ਫਿਰ ਦਰੁਸਤ ਕਰਨਾ, ਢੁਕਵੀਂ ਸ਼ਬਦਾਵਲੀ ਲੈਣੀ, ਸ਼ਬਦਾਂ ਦੇ ਅਰਥ ਸਮਝਣੇ ਅਤੇ ਅਖੀਰ ਤੇ ਸਾਫ਼ ਸੁਥਰੀ,ਸੋਧੀ ਹੋਈ ਰਚਨਾ ਨੂੰ ਵਧੀਆ ਢੰਗ ਨਾਲ ਪੇਸ਼ ਕਰਨਾ ਸਿਖਾਇਆ।
ਰਾਖੀ ਜੋਸ਼ੀ, ਸੁਖਪਾਲ ਕੌਰ ਬਾਠ, ਜਸ਼ਪ੍ਰੀਤ ਕੌਰ ਬੱਬੂ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਅਤੇ ਆਪਣੀਆਂ ਸੁਣਾਈਆਂ।ਇਸ ਤਰ੍ਹਾਂ ਵਿਦਿਆਰਥੀਆਂ ਦੇ ਮਨੋਰੰਜਨ ਦਾ ਵੀ ਖਿਆਲ ਰੱਖਿਆ ਗਿਆ।
ਚੌਥੀ ਜਮਾਤ ਤੋਂ ਐਮ ਏ ਤੱਕ ਦੇ 250 ਵਿਦਿਆਰਥੀਆਂ ਸ਼ਾਮਲ ਹੋਏ
ਇਸ ਵਰਕਸ਼ਾਪ ਦੇ ਦੂਸਰੇ ਦਿਨ
ਸ਼ੁਰੂਆਤ ਜ਼ਿਲ੍ਹਾ ਭਾਸ਼ਾ ਅਫ਼ਸਰ ਸ ਸੁਖਵਿੰਦਰ ਸਿੰਘ ਗੁਰਮ ਜੀ ਨੇ ਕੀਤੀ ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਸੰਘਰਸ਼ ਅਤੇ ਲਿਖਣ ਪੜ੍ਹਨ ਰੁਚੀਆਂ ਵਾਲੇ ਵਿਦਿਆਰਥੀ ਦੇ ਮਨ ਦੀਆਂ ਅੰਤਰੀਵ ਤੈਹਾਂ ਨੂੰ ਫਰੋਲਦਿਆਂ ਦੱਸਿਆ ਕਿ ਕਿਸ ਤਰ੍ਹਾਂ ਕਿਤਾਬਾਂ ਉਨ੍ਹਾਂ ਦਾ ਮਾਰਗਦਰਸ਼ਨ ਕਰਦੀਆਂ ਰਹੀਆਂ ਹਨ ਅਤੇ ਇੱਕ ਅਧਿਆਪਕ,ਇੱਕ ਕਵੀ ਅਤੇ ਇੱਕ ਬੁੱਧੀਜੀਵੀ ਪਾਠਕ ਤੋਂ ਬਾਅਦ ਹੁਣ ਉਹ ਜ਼ਿਲਾ ਭਾਸ਼ਾ ਅਫ਼ਸਰ ਦੇ ਤੌਰ ਤੇ ਸੇਵਾ ਨਿਭਾਅ ਰਹੇ ਹਨ।ਇਸ ਲਈ ਕੁਝ ਵੀ ਇੱਕ ਜਾਂ ਦੋ ਦਿਨ ਚ ਪ੍ਰਾਪਤ ਨਹੀਂ ਕਰ ਸਕਦੇ ਪਰ ਪਹਿਲਾ ਕਦਮ ਚੁੱਕਣਾ ਹੀ ਔਖਾ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਹਿਲਾ ਕਦਮ ਇਨ੍ਹਾਂ ਵਿਦਿਆਰਥੀਆਂ ਨੇ ਚੁੱਕ ਲਿਆ ਹੈ। ਇਸ ਤੋਂ ਬਾਅਦ ਦੇ ਬੁਲਾਰੇ ਮਾਲਵਿੰਦਰ ਸ਼ਾਇਰ, ਗੁਰਪਾਲ ਸਿੰਘ ਬਿਲਾਵਲ, ਕਰਮਜੀਤ ਸਿੰਘ ਭੋਤਨਾ, ਤੇਜਿੰਦਰ ਚੰਡਿਹੋਕ, ਮੇਜਰ ਸਿੰਘ ਰਾਜਗੜ, ਗੁਰਜਿੰਦਰ ਸਿੰਘ ਰਸੀਆ ਸਨ।
ਮਾਲਵਿੰਦਰ ਸ਼ਾਇਰ ਜੀ ਨੇ ਬਾਰਵੀਂ ਜਮਾਤ ਤੋਂ ਐਮ ਏ ਦੇ ਵਿਦਿਆਰਥੀਆਂ ਨੂੰ ਕਵਿਤਾ ਦੇ ਰਸ,ਛੰਦ,ਭੇਦ, ਅਤੇ ਗ਼ਜ਼ਲ ਦੀਆਂ ਬਹਿਰਾਂ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਗੁਰਪਾਲ ਸਿੰਘ ਬਿਲਾਵਲ ਜੀ ਨੇ ਵਿਦਿਆਰਥੀਆਂ ਨੂੰ ਵਰਣਿਕ ਅਤੇ ਮਾਤਰਿਕ ਵਾਰੇ ਜਾਣਕਾਰੀ ਦਿੱਤੀ। ਇੱਕ ਸਤਰ ਤੋਂ ਅੱਗੋਂ ਸਤਰਾਂ ਜੋੜਨੀਆਂ ਸਿਖਾਈਆਂ।
ਸਿਰਜਣਾ ਦੇ ਮੁੱਢਲੇ ਭਾਵਾਂ ਨੂੰ ਚੰਗੀ ਤਰ੍ਹਾਂ ਲਿੱਪਣਾ,ਪਰੋਸਣਾ ਸਿਖਾਇਆ।
ਤੇਜਿੰਦਰ ਚੰਡਿਹੋਕ ਜੀ ਨੇ ਵੀ ਸਿਰਜਣਾ ਦੇ ਸਾਰਥਕ ਭਾਵਾਂ ਵਾਰੇ ,ਕਾਫੀਏ,ਰਦੀਫ਼, ਮਾਤ੍ਰਾਵਾਂ ਵਾਰੇ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਲਿਖਤਾਂ ਨੂੰ ਸੋਧਿਆ ਅਤੇ ਸਮਝਾਇਆ।
ਕਰਮਜੀਤ ਸਿੰਘ ਭੋਤਨਾ ਜੀ ਨੇ ਅੱਠਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਲਾਸ ਲਾਈ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਕੇ, ਲਿਖਾਰੀਆਂ ਦੀਆਂ ਲਿਖਤਾਂ ਅਤੇ ਉਨ੍ਹਾਂ ਦੀ ਸੋਚ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ। ਉਨ੍ਹਾਂ ਨੇ ਵਿਚਾਂਰਾਂ ਦੀ ਸਾਰਥਿਕਤਾ ਤੇ ਸਮਾਜਿਕ ਹਿੱਤਾਂ ਨਾਲ ਜੋੜ ਕੇ ਸਮਝਾਇਆ। ਉਨ੍ਹਾਂ ਨੂੰ ਇਸ ਕਲਾਸ ਵਿੱਚੋਂ ਸ਼ਭ ਤੋਂ ਵੱਧ ਲਿਖਤਾਂ ਮਿਲੀਆਂ। ਗੁਰਜਿੰਦਰ ਸਿੰਘ ਰਸੀਆ ਜੀ ਨੇ ਚੌਥੀ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੁਕਬੰਦੀ ਸਿਖਾਈ,ਮੇਜਰ ਸਿੰਘ ਰਾਜਗੜ ਜੀ ਨੇ ਉਨ੍ਹਾਂ ਦੀਆਂ ਲਿਖਤਾਂ ਚੈਕ ਕੀਤੀਆਂ। ਗੁਰਜਿੰਦਰ ਸਿੰਘ ਰਸੀਆ ਜੀ ਨੇ ਆਪਣੇ ਚੈਨਲ ਰਾਹੀਂ ਇਸ ਵਰਕਸ਼ਾਪ ਸੰਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਦੇ ਵਿਚਾਰ ਵੀ ਰਿਕਾਰਡ ਕੀਤੇ। ਇਸ ਮੌਕੇ ਮਨੋਰੰਜਨ ਲਈ ਗੀਤ ਸੁਣਾਉਣ ਲਈ ਲਖਵਿੰਦਰ ਸਿੰਘ ਠੀਕਰੀਵਾਲ ਅਤੇ ਯਾਦਵਿੰਦਰ ਸਿੰਘ ਠੀਕਰੀਵਾਲ ,ਲਵਦੀਪ ਕੌਰ ਧੌਲਾ ਨੇ ਦੋਵੇਂ ਦਿਨ ਆਪਣੀਆਂ ਸੇਵਾਵਾਂ ਦਿੱਤੀਆਂ।
ਤੇਜਾ ਸਿੰਘ ਤਿਲਕ,ਬਿਰਜ ਲਾਲ ਗੋਇਲ, ਗੋਬਿੰਦ ਸਿੰਘ ਨੇ ਵੀ ਸਮਾਗਮ ਲਈ ਸਹਿਯੋਗ ਰਾਸ਼ੀ ਦਿੱਤੀ।
ਸਾਰੇ ਹੀ ਬੁਲਾਰਿਆਂ ਨੂੰ ਧੰਨਵਾਦ ਵਜੋਂ ਸਾਹਿਤਕਾਰ ਮਿਤਰ ਸੇਨ ਮੀਤ ਜੀ ਵੱਲੋਂ ਚਾਰ ਚਾਰ ਕਿਤਾਬਾਂ ਅਤੇ ਜਸਵਿੰਦਰ ਕੌਰ ਵੀਨੂੰ ਜੀ ਵੱਲੋਂ ਇੱਕ ਇੱਕ ਰਸਾਲਾ ਕਹਾਣੀ ਪੰਜਾਬ ਭੇਂਟ ਕੀਤਾ ਗਿਆ। ਸਭਾ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇੱਕ ਸਾਹਿਤਕ ਪੁਸਤਕ ਤੋਹਫ਼ੇ ਵਜੋਂ ਭੇਟ ਕੀਤੀ ਗਈ। ਇਨ੍ਹਾਂ ਪੁਸਤਕਾਂ ਦੇ ਆਏ ਖਰਚ ਵਿਚ ਵਿਚ ਵੀ ਮਿੱਤਰ ਸੈਨ ਮੀਤ ਜੀ ਨੇ ਸਹਿਯੋਗ ਰਾਸ਼ੀ ਦਿੱਤੀ।
ਵਿਦਿਆਰਥੀਆਂ ਲਈ ਦੋ ਦਿਨ ਦੇ ਚਾਹ ਪਾਣੀ , ਮਿੱਠੇ ਚੌਲ ਅਤੇ ਰੋਟੀ, ਸ਼ਬਜੀ ਦਾ ਪ੍ਰਬੰਧ ਇੱਕ ਸਮਾਜ ਸੇਵੀ ਪਰਿਵਾਰ ਮੋਨੂ ਜੀ ਅਤੇ ਬਲਜਿੰਦਰ ਸਿੰਘ ਬਾਠ ਅਤੇ ਨਾਮਦੇਵ ਨਗਰ ਗਲੀ ਨੰਬਰ ਚਾਰ ਦੀਆਂ ਬੀਬੀਆਂ ਭੈਣਾਂ ਨੇ ਕੀਤਾ ਗਿਆ। ਉਨ੍ਹਾਂ ਦੇ ਸਹਿਯੋਗ ਲਈ ਉਨ੍ਹਾਂ ਨੂੰ ਵੀ ਸਨਮਾਨ ਵਜੋਂ ਪੁਸਤਕਾਂ ਦਾ ਤੋਹਫਾ ਭੇਂਟ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਹੀ ਸਰੋਤਿਆਂ, ਗੀਤਕਾਰਾਂ, ਸਹਿਯੋਗੀਆਂ ਨੂੰ ਕਿਤਾਬਾਂ ਦੇ ਤੋਹਫੇ ਭੇੱਟ ਕੀਤੇ ਗਏ। ਸ਼ਾਮਲ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ।
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਦੇ ਪ੍ਰਬੰਧਕੀ ਬੋਰਡ ਅਤੇ ਸਾਰੇ ਮੈਂਬਰਾਂ ਵੱਲੋਂ ਸਮਾਜ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਹ ਸਮੇਂ ਦੀ ਲੋੜ ਹੈ ਕਿ ਬੁੱਧੀਜੀਵੀ ਵਰਗ,ਲੇਖਕ ਇਸ ਕਾਰਜ ਲਈ ਵਧ ਚੜ੍ਹ ਕੇ ਅੱਗੇ ਆਉਣ।
ਇਸ ਮੌਕੇ ਮਨਦੀਪ ਕੌਰ ਭਦੌੜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਕਾਰੀ ਸਕੂਲ ਕਰਮਗੜ੍ਹ,ਸੰਧੂ ਪੱਤੀ, ਜਵਾਹਰ ਬਸਤੀ, ਜੁਮਲਾ ਮਲਕਾਨ, ਦਾਨਗੜ੍ਹ, ਛਾਪਾ, ਨੰਗਲ, ਧਨੌਲਾ,ਧੌਲਾ, ਬਾਜਵਾ ਪੱਤੀ, ਟੱਲੇਵਾਲ, ਕੁਤਬਾ, ਦਰਾਜ , ਸੀ ਬੀ ਐਮ,ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ,ਐਸ ਡੀ ਕਾਲਜ ਬਰਨਾਲਾ,ਐਲ ਬੀ ਐਸ ਮਹਿਲਾ ਕਾਲਜ ਬਰਨਾਲਾ ਅਤੇ ਹੋਰ ਵੀ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਿਦਿਆਰਥੀਆਂ ਦੀ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਦੀਆਂ ਪੇਂਟਿੰਗ ਦੀ ਬਹੁਤ ਸ਼ਲਾਘਾ ਕੀਤੀ ਗਈ। ਇਸ ਮੌਕੇ ਨਰਿੰਦਰ ਕੌਰ, ਕੁਲਦੀਪ ਰਾਣੀ,ਆਕਿ੍ਤੀ ਕੌਂਸ਼ਲ , ਜਸਪ੍ਰੀਤ ਕੌਰ ਬੱਬੂ,ਇੰਦਰਵੀਰ ਕੌਰ,ਜਸਵਿੰਦਰ ਕੌਰ ਵੀਨੂੰ, ਕਿਰਨ ਸੀਕਰੀ, ਹਰਸ਼ ਸ਼ਰਮਾ, ਰੇਖਾ ਕੁਮਾਰੀ ਅਤੇ ਹੋਰ ਬਹੁਤ ਸਾਰੇ ਮਾਪੇ ਅਤੇ ਸਕੂਲਾਂ ਦੇ ਅਧਿਆਪਕ ਸ਼ਾਮਲ ਸਨ। ਇਸ ਦੋ ਦਿਨਾ ਪ੍ਰੋਗਰਾਮ ਦੀ ਸ਼ਸ਼ੀ ਜੀ ਨੇ ਲਾਈਵ ਟੂਡੇ ਚੈਨਲ ਉੱਤੇ ਕਵਰੇਜ ਰਿਕਾਰਡ ਕੀਤੀ ਗਈ ਹੈ।ਇਸ ਨੂੰ ਵਿਦਿਆਰਥੀ ਬਾਅਦ ਚ ਵੀ ਵੇਖ, ਸੁਣ ਸਕਣ। ਸਾਰੀਆਂ ਹੀ ਸਭਾਵਾਂ ਅਤੇ ਅਦਾਰਿਆਂ ਵੱਲੋਂ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।