ਓਮੀਕ੍ਰੋਨ ਦਾ ਵਧਦਾ ਘੇਰਾ, ਜਾਣੋ ਕਿੰਨਾ ਖਤਰਨਾਕ ਹੋ ਰਿਹਾ ਇਹ ਨਵਾਂ ਵੇਰੀਐਂਟ
ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਇਨਫੈਕਸ਼ਨ ਵਾਲੇ ਮੰਨੇ ਜਾ ਰਹੇ ਓਮੀਕ੍ਰੋਨ ਵੇਰੀਐਂਟ ਦਾ ਘੇਰਾ ਵਧਦਾ ਜਾ ਰਿਹਾ ਹੈ। ਹੁਣ ਇਹ ਫਰਾਂਸ ਤੇ ਜਾਪਾਨ ਤਕ ਪਹੁੰਚ ਗਿਆ ਹੈ ਤੇ ਦੋਵਾਂ ਦੇਸ਼ਾਂ ’ਚ ਇਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਦੱਖਣੀ ਅਫਰੀਕਾ ’ਚ ਓਮੀਕ੍ਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਹਫ਼ਤਾ ਪਹਿਲਾਂ ਹੀ ਇਹ ਵੇਰੀਐਂਟ ਪੁਰਤਗਾਲ ਪਹੁੰਚ ਗਿਆ ਸੀ। ਇਸ ਨਾਲ ਵਧਦੇ ਖ਼ਤਰੇ ਵਿਚਾਲੇ ਦੁਨੀਆ ਭਰ ਦੇ ਦੇਸ਼ ਜਿੱਥੇ ਇਸ ਦੇ ਪਸਾਰ ਨੂੰ ਸੀਮਤ ਕਰਨ ਦੇ ਤਰੀਕੇ ਲੱਭਣ ’ਚ ਲੱਗੇ ਹਨ, ਉੱਥੇ ਵਿਗਿਆਨੀ ਇਹ ਅਧਿਐਨ ਕਰਨ ’ਚ ਲੱਗੇ ਹਨ ਕਿ ਆਖਿਰ ਓਮੀਕ੍ਰੋਨ ਕਿੰਨਾ ਖ਼ਤਰਨਾਕ ਹੋ ਸਕਦਾ ਹੈ।
ਫਰਾਂਸ ਸਰਕਾਰ ਦੇ ਬੁਲਾਰੇ ਗੈਬਰੀਅਲ ਅਟੱਲ ਨੇ ‘ਯੂਰਪ-1 ਰੇਡੀਓ ਸਟੇਸ਼ਨ’ ਨੂੰ ਇਕ ਇੰਟਰਵਿਊ ’ਚ ਹਿੰਦ ਮਹਾਸਾਗਰ ਸਥਿਤ ਫਰਾਂਸੀਸੀ ਟਾਪੂ ਖੇਤਰ ‘ਰੀਯੂਨੀਅਨ’ ’ਚ ਵਾਇਰਸ ਦੀ ਨਵੀਂ ਕਿਸਮ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ। ਇਥੇ ਓਮੀਕ੍ਰੋਨ ਤੋਂ ਪੀੜਤ ਪਾਇਆ ਗਿਆ 53 ਸਾਲਾ ਵਿਅਕਤੀ ਮੋਜਾਮਬਿਕ ਦੀ ਯਾਤਰਾ ’ਤੇ ਗਿਆ ਸੀ ਤੇ ‘ਰੀਯੂਨੀਅਨ’ ਤੋਂ ਪਰਤਣ ਤੋਂ ਪਹਿਲਾਂ ਦੱਖਣੀ ਅਫਰੀਕਾ ’ਚ ਰੁਕਿਆ ਸੀ। ਉਸ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ ਤੇ ਉਸ ਨੂੰ ਮਾਸਪੇਸ਼ੀਆ ’ਚ ਦਰਦ ਤੇ ਥਕਾਵਟ ਦੀ ਸ਼ਿਕਾਇਤ ਹੈ।
ਜਾਪਾਨ ਸਰਕਾਰ ਦੇ ਇਕ ਬੁਲਾਰੇ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਐਤਵਾਰ ਨੂੰ ਨਰਿਤਾ ਹਵਾਈ ਅੱਡੇ ’ਤੇ ਪੁੱਜਾ ਇਕ ਯਾਤਰੀ ਓਮੀਕ੍ਰੋਨ ਨਾਲ ਇਨਫੈਕਟਿਡ ਪਾਇਆ ਗਿਆ, ਜਿਸ ਦਾ ਹਸਪਤਾਲ ’ਚ ਇਲਾਜ ਜਾਰੀ ਹੈ। ਇਹ ਯਾਤਰੀ ਨਾਮੀਬੀਆ ਤੋਂ ਪਰਤਿਆ ਸੀ। ਜਾਪਾਨ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਦੀਆਂ ਐਮਰਜੈਂਸੀ ਕੋਸ਼ਿਸ਼ਾਂ ਤਹਿਤ ਇਕ ਦਿਨ ਪਹਿਲਾਂ ਸਾਰੇ ਵਿਦੇਸ਼ੀ ਯਾਤਰੀਆਂ ਦੇ ਆਵਾਜਾਈ ’ਤੇ ਰੋਕ ਲਾ ਦਿੱਤੀ ਸੀ।
ਨੀਦਰਲੈਂਡਸ ਦੇ ਸਿਹਤ ਪ੍ਰਸ਼ਾਸਨ ਨੇ ਕਿਹਾ ਕਿ ਦੱਖਣੀ ਅਫਰੀਕਾ ’ਚ ਓਮੀਕ੍ਰੋਨ ਵੇਰੀਐਂਟ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਹੀ ਇਹ ਦੇਸ਼ ’ਚ ਪਹੁੰਚ ਗਿਆ ਸੀ। ਨੀਦਰਲੈਂਡਸ ’ਚ 19 ਤੇ 23 ਨਵੰਬਰ ਨੂੰ ਜਿਨ੍ਹਾਂ ਮਰੀਜ਼ਾਂ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ’ਚ ਓਮੀਕ੍ਰੋਨ ਵੇਰੀਐਂਟ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੱਖਣੀ ਅਫਰੀਕਾ ’ਚ 24 ਨਵੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਮਿਲਣ ਦੀ ਪੁਸ਼ਟੀ ਕੀਤੀ ਸੀ।
ਪੁਰਤਗਾਲ ’ਚ ਸਥਾਨਕ ਇਨਫੈਕਸ਼ਨ ਦੀ ਜਾਂਚ
ਪੁਰਤਗਾਲ ਨੇ ਸਥਾਨਕ ਪੱਧਰ ’ਤੇ ਓਮੀਕ੍ਰੋਨ ਵੇਰੀਐਂਟ ਫੈਲਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੋਂ ਇਕ ਫੁੱਟਬਾਲ ਕਲੱਬ ਦੇ 13 ਮੈਂਬਰ ਓਮੀਕ੍ਰੋਨ ਤੋਂ ਪੀੜਤ ਪਾਏ ਗਏ ਹਨ ਪਰ ਉਨ੍ਹਾਂ ’ਚੋਂ ਸਿਰਫ ਇਕ ਮੈਂਬਰ ਹੀ ਅਫਰੀਕੀ ਦੇਸ਼ਾਂ ਤੋਂ ਪਰਤਿਆ ਸੀ।
ਕੰਬੋਡੀਆ ਨੇ ਵੀ ਯਾਤਰਾ ਪਾਬੰਦੀ ਲਗਾਈ
ਕੰਬੋਡੀਆ ਨੇ ਵਾਇਰਸ ਦੀ ਨਵੀਂ ਕਿਸਮ ਦੇ ਜੋਖ਼ਮ ਕਾਰਨ 10 ਅਫਰੀਕੀ ਦੇਸ਼ਾਂ ਤੋਂ ਯਾਤਰੀਆਂ ਦੇ ਆਪਣੇ ਇੱਥੇ ਆਉਣ ’ਤੇ ਰੋਕ ਲਾ ਦਿੱਤੀ ਹੈ। ਨਾਮੀਬੀਆ ਨੇ ਫ਼ਿਲਹਾਲ ਦੋ ਹਫ਼ਤੇ ਪਹਿਲਾਂ ਹੀ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ।
ਓਮੀਕ੍ਰੋਨ ਖ਼ਿਲਾਫ਼ ਨਵੀਂ ਵੈਕਸੀਨ ਨੂੰ ਈਯੂ ਦੇ ਸਕਦੀ ਹੈ ਮਨਜ਼ੂਰੀ
ਯੂਰਪੀ ਯੂਨੀਅਨ ਦੀ ਸਿਹਤ ਏਜੰਸੀ (ਈਐੱਮਏ) ਨੇ ਕਿਹਾ ਕਿ ਉਹ ਕੋਰੋਨਾ ਦੇ ਨਵੇਂ ਵੇਰੀਐਂਟ ਖ਼ਿਲਾਫ਼ ਨਵੀਂ ਵੈਕਸੀਨ ਨੂੰ ਤਿੰਨ ਤੋਂ ਚਾਰ ਮਹੀਨੇ ’ਚ ਮਨਜ਼ੂਰੀ ਦੇ ਸਕਦੀ ਹੈ ਪਰ ਮੌਜੂਦਾ ਵੈਕਸੀਨ ਵੀ ਓਮੀਕ੍ਰੋਨ ਤੋਂ ਸੁਰੱਖਿਆ ਦਿੰਦੀ ਰਹੇਗੀ। ਹਾਲਾਂਕਿ ਅਮਰੀਕੀ ਦਵਾ ਕੰਪਨੀ ਮਾਡਰਨਾ ਦੇ ਸੀਈਓ ਸਟੀਫਨ ਬੈਂਸਲ ਨੇ ਕਿਹਾ ਕਿ ਮੌਜੂਦਾ ਵੈਕਸੀਨ ਦਾ ਡੈਲਟਾ ਵੇਰੀਐਂਟ ਦੇ ਮੁਕਾਬਲੇ ’ਚ ਓਮੀਕ੍ਰੋਨ ਵੇਰੀਐਂਟ ਖ਼ਿਲਾਫ਼ ਅਸਰ ਘੱਟ ਹੋ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਯੂਰਪ ਦੇ ਮੁਖ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਆਈ ਹੈ। ਜਾਪਾਨ ਦਾ ਨਿਕੱਈ ਸ਼ੇਅਰ ਬਾਜ਼ਾਰ ਵੀ 1.6 ਫ਼ੀਸਦੀ ਟੁੱਟ ਕੇ ਬੰਦ ਹੋਇਆ। ਕੱਚੇ ਤੇਲ ਦੇ ਵਾਅਦਾ ਬਾਜ਼ਾਰ ’ਚ ਵੀ ਤਿੰਨ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ।