ਖੁਦਕੁਸ਼ੀ
ਅਸੀਂ ਕਮਜ਼ੋਰ ਹੋ ਗਏ ਹਾਂ ਇੰਨੇ ਕਮਜ਼ੋਰ ਹੋ ਕੇ ਵੀ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਆਂ।ਸਾਡਾ ਮਨ,ਦਿਲ ਬਹੁਤ ਹੀ ਕਮਜ਼ੋਰ ਹੋ ਗਿਆ ਏ।ਸਹਿਣ ਸ਼ਕਤੀ ਖ਼ਤਮ ਹੋ ਚੁੱਕੀ ਏ।ਪਰ ਇਹਦਾ ਕਾਰਨ ਕੀ ਏ ਕਿਸੇ ਨੇ ਸੋਚਿਆ ਵਿਚਾਰਿਆ ਤੇ ਇਹ ਅਣ ਆਈ ਮੌਤ ਨੂੰ ਜੱਫੀ ਚ ਲੈ ਲੈਣਾ ਬਹੁਤ ਹੀ ਵੱਡਾ ਦਿਲ ਜਾਂ ਫਿਰ ਬੇਦਿਲ ਹੀ ਕਰ ਸਕਦਾ ਏ। ਜਦ ਮਨੁੱਖ ਦਾ ਜਨਮ ਹੋ ਜਾਂਦਾ ਉਹ ਰੋਂਦਾ ਹੋਇਆ ਹੀ ਆਉਂਦਾ ਏ ਇਸ ਜਹਾਨ ਅੰਦਰ ਤੇ ਉਸ ਸਮੇਂ ਸਾਨੂੰ ਕੀ ਮਹਿਸੂਸ ਹੁੰਦਾ ਇਹ ਅਸੀਂ ਖ਼ੁਦ ਨਹੀਂ ਜਾਣਦੇ ਹੁੰਦੇ ਤੇ ਜਿਵੇਂ ਜਿਵੇਂ ਵੱਡੇ ਹੁੰਦੇ ਆਂ ਸਮਝ ਆਉਂਦੀ ਜਾਂਦੀ ਕੀ ਚੰਗਾ ਕੀ ਮਾੜਾ ਕੀ ਚਾਹੀਦਾ ਕੀ ਨਹੀਂ ਚਾਹੀਦਾ। ਕਿੰਨਾ, ਕਿਉਂ ਤੇ ਕਿਵੇਂ ਸਭ ਸਮਝ ਆ ਹੀ ਜਾਂਦਾ।ਪਰ ਇਸ ਖੁਦਕੁਸ਼ੀ ਦਾ ਖ਼ਿਆਲ ਮਨ ਚ ਆ ਹੀ ਕਿਵੇਂ ਜਾਂਦਾ ਜਦ ਕੇ ਸਾਨੂੰ ਭਲੀਭਾਂਤ ਪਤਾ ਵੀ ਇਸ ਜਹਾਨੋਂ ਚਲੇ ਗਏ ਮੁੜ ਨੀਂ ਆਉਣਾ । ਫਿਰ ਇਹ ਮਰਨ ਦਾ ਖ਼ਿਆਲ ਮਨ ਚ ਆਉਣਾ ਬਹੁਤ ਹੀ ਭਿਆਨਕ ਏ।ਇਸ ਦੇ ਪਿੱਛੇ ਜੋ ਵੀ ਕਾਰਨ ਹੋਵੇ ਅਸੀਂ ਉਸ ਕਾਰਨ ਨੂੰ ਲੱਭ ਉਸ ਨੂੰ ਜਾਣ ਉਸ ਆਈ ਮੁਸੀਬਤ ਜਾਂ ਫਿਰ ਕਸ਼ਟ ਕਹਿ ਲਈਏ ਤੋਂ ਛੁਟਕਾਰਾ ਪਾ ਸਕਦੇ ਆਂ।ਕੀ ਸਾਡੀਆਂ ਮੁਸੀਬਤਾਂ ਸਾਡੇ ਤੋਂ ਉੱਪਰ ਨੇ ਜੋ ਸਾਨੂੰ ਜ਼ਿੰਦਗੀ ਖ਼ਤਮ ਕਰਨ ਲਈ ਉਕਸਾਉਣ ਲੱਗ ਪੈਂਦੀਆਂ ਨੇ ਜਾਂ ਫਿਰ ਅਸੀਂ ਹੀ ਇੰਝ ਦੇ ਹੋ ਗਏ ਕਿ ਹਿੰਮਤ ਹੌਸਲਾ ਤੇ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ।
ਮੇਰੇ ਖਿਆਲ ਅਨੁਸਾਰ ਅਸੀਂ ਇਸ ਖੁਦਕੁਸ਼ੀ ਦੇ ਵਿਚਾਰ ਨੂੰ ਕੱਢ ਸਕਦੇ ਆਂ ਹਮੇਸ਼ਾ ਲਈ ਉਹ ਆਪਣੇ ਆਪ ਤੇ ਵਿਸ਼ਵਾਸ ਕਰਕੇ। ਆਪਣੇ ਆਪ ਤੇ ਵਿਸ਼ਵਾਸ ਤੁਹਾਨੂੰ ਕਦੀ ਡੋਲਣ ਨਹੀਂ ਦਿੰਦਾ। ਸਾਰੇ ਮਨੁੱਖ ਪੂਰੇ ਨਹੀਂ ਹੁੰਦੇ ਹਰੇਕ ਚ ਕੋਈ ਨਾ ਕੋਈ ਕਮੀਂ ਜ਼ਰੂਰ ਹੁੰਦੀ ਏ ।ਬਸ ਫ਼ਰਕ ਇਹ ਹੁੰਦਾ ਕਿ ਕੋਈ ਉਸ ਕਮੀਂ ਨੂੰ ਆਪਣੀ ਤਾਕਤ ਚ ਬਦਲ ਲੈਂਦਾ ਤੇ ਕੋਈ ਉਸ ਨੂੰ ਦਿਲ ਤੇ ਲਗਾ ਸੌਣਾ ਚਾਹੁੰਦਾ ਹਮੇਸ਼ਾ ਦੀ ਨੀਂਦ।ਪਰ ਕੀ ਇਹ ਆਪਣੇ ਆਪ ਨੂੰ ਖ਼ਤਮ ਕਰਨਾ ਹੀ ਹੱਲ ਏ??! ਨਹੀਂ ਬਿਲਕੁਲ ਨਹੀਂ ਆਪਣੇ ਆਪ ਤੇ ਇੰਨਾ ਕ ਵਿਸ਼ਵਾਸ ਰੱਖੋ ਕਿ ਕੋਈ ਤੁਹਾਨੂੰ ਤੋੜ ਨਾ ਸਕੇ। ਇੰਨੇ ਕੁ ਦਿਲ ਵਾਲੇ ਬਣੋ ਕਿ ਕੋਈ ਵੀ ਮੁਸੀਬਤ ਦਾ ਹੱਲ ਕੱਢ ਸਕੋ। ਆਪਣੇ ਦੋਸਤਾਂ ਨਾਲ ਗੱਲ ਸਾਂਝੀ ਕਰੋ ਜੋ ਤੁਹਾਨੂੰ ਪ੍ਰੇਸ਼ਾਨ ਕਰ ਰਹੀ ਏ। ਦੋਸਤੀ ਚ ਇੰਨੀਂ ਸ਼ਕਤੀ ਹੁੰਦੀ ਏ ਕਿ ਤੁਹਾਡੀ ਕਮਜ਼ੋਰੀ ਨੂੰ ਤਾਕਤ ਚ ਬਦਲਣ ਦਾ ਬਲ ਰੱਖਦੀ ਏ। ਪ੍ਰੇਸ਼ਾਨੀ ਵੱਡੀ ਨੀਂ ਹੁੰਦੀ ਇਸ ਦਾ ਹੱਲ ਅੱਜ ਨਹੀਂ ਕੱਲ੍ਹ ਹੋ ਹੀ ਜਾਣਾ ਹੁੰਦਾ।ਕਈ ਵਾਰ ਸਮਾਂ ਹੀ ਕਠਿਨ ਹੁੰਦਾ ਪਰ ਇਹ ਸਦੀਵੀ ਤਾਂ ਨਹੀਂ ਹੁੰਦਾ ਨਾ । ਫਿਰ ਕਿਉਂ ਇਸ ਖੁਦਕੁਸ਼ੀ ਨੂੰ ਆਪਣਾ ਅਧਿਕਾਰ ਸਮਝ ਲਿਆ ਏ।ਇਹ ਉਸ ਖ਼ੁਦਾ ਦੇ ਹੱਥ ਏ ਉਸ ਪਰਮਾਤਮਾ ਦੇ ਹੱਥ ਏ ਜਿਸ ਨੇ ਇਹ ਰੰਗਲੀ ਦੁਨੀਆਂ ਸਾਜੀ ਏ। ਚੱਲ ਆ ਆਪਾਂ ਮਿਲ ਇਸ ਨਾ ਮੁਰਾਦ ਦਿਮਾਗ਼ੀ ਬਿਮਾਰੀ ਨੂੰ ਖ਼ਤਮ ਕਰੀਏ ਨਵੇਂ ਵਿਚਾਰਾਂ ਨੂੰ ਜਨਮ ਦੇ। ਆਪਣੇ ਆਪ ਤੇ ਵਿਸ਼ਵਾਸ ਨੂੰ ਇੰਨਾ ਦ੍ਰਿੜ ਕਰੀਏ ਕਿ ਸਾਡਾ ਖਿਆਲ ਹਮੇਸ਼ਾ ਚੰਗੇ ਵਿਚਾਰ ਬੁਣੇ ਹਿੰਮਤ ਨਾਲ ਮੁਸੀਬਤ ਨੂੰ ਹਰਾ ਦੇਵੇ।
ਅਸੀਂ ਸਿਰਜ ਸਕੀਏ ਹੱਸਦਾ ਵੱਸਦਾ ਸੁਖੀ ਸੰਸਾਰ।।
ਜਸਪ੍ਰੀਤ ਕੌਰ ਬੱਬੂ ਬਰਨਾਲਾ