23 ਦਸੰਬਰ ਨੂੰ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਵੱਲੋਂ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਸੁਣੀਆਂ ਜਾਣਗੀਆਂ
ਐਨ.ਆਰ.ਆਈਜ਼ ਆਪਣੇ ਨਾਲ ਸ਼ਨਾਖਤ ਵਜੋਂ ਪਾਸਪੋਰਟ, ਪੀ.ਆਈ.ੳ ਕਾਰਡ ਜਾਂ ਐਨ.ਆਰ.ਆਈ. ਕਾਰਡ ਜਰੂਰ ਲਿਆਉਣ-ਡਿਪਟੀ ਕਮਿਸ਼ਨਰ
ਬਰਨਾਲਾ: 16 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)
ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਐਨ.ਆਰ.ਆਈ ਮਿਲਣੀਆਂ ਦੇ ਸਮਾਗਮ ਕਰਵਾਏ ਜਾ ਰਹੇ ਨੇ। ਇਸ ਲੜੀ ਤਹਿਤ ਜ਼ਿਲ੍ਹਾ ਬਰਨਾਲਾ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 23 ਦਸੰਬਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿਖੇ ਜ਼ਿਲ੍ਹਾ ਬਰਨਾਲਾ ਦੇ ਐਨ.ਆਰ.ਆਈਜ਼਼ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਨੂੰ ਸੁਣਨ ਲਈ ਪੰਜਾਬੀ ਐਨ.ਆਰ.ਆਈਜ਼਼ ਨਾਲ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੇਵਲ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਹੀ ਸੁਣੀਆਂ ਜਾਣਗੀਆਂ। ਉਨ੍ਹਾਂ ਐਨ.ਆਰੀਆਈਜ਼਼ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਹ ਇਸ ਸਬੰਧੀ ਆਪਣੀ ਸ਼ਿਕਾਇਤ ਲਿਖਤੀ ਰੂਪ ਵਿੱਚ ਲੈ ਕੇ ਇਸ ਮਿਲਣੀ ਵਿੱਚ ਪੇਸ਼ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਲਣੀ ਵਾਲੇ ਦਿਨ ਆਪਣੀ ਸ਼ਨਾਖਤ ਦੇ ਤੌਰ ਤੇ ਆਪਣੇ ਆਈ.ਡੀ. ਪਰੂਫ਼ ਦੇ ਵਜੋਂ ਪਾਸਪੋਰਟ, ਪੀ.ਆਈ.ਓ. ਕਾਰਡ ਜਾਂ ਐਨ.ਆਰ.ਆਈ. ਕਾਰਡ ਜਰੂਰੀ ਤੌਰ ਤੇ ਨਾਲ ਲੈ ਕੇ ਆਉਣ। ਇਸ ਸਬੰਧੀ ਨਿੱਜੀ ਤੌਰ ਉੱਤੇ ਸ਼ਾਮਲ ਹੋਣ ਲਈ ਰੇਜਿਸਟ੍ਰੇਸ਼ਨ https://eservices.punjab.gov.in/ ਉੱਤੇ ਕਰਵਾਉਣੀ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਜਿਹੜੇ ਪ੍ਰਵਾਸੀ ਭਾਰਤੀ ਨਿੱਜੀ ਤੌਰ ਉੱਤੇ ਨਹੀਂ ਆ ਸਕਦੇ, ਉਹ ਆਪਣੀਆਂ ਸ਼ਿਕਾਇਤਾਂ ਨਿਰਧਾਰਤ ਮੀਟਿੰਗ ਤੋਂ 2 ਦਿਨ ਪਹਿਲਾਂ snri@punjab.gov.in ਅਤੇ psnri@punjab.gov.in ਉੱਤੇ ਆਪਣੀਆਂ ਸ਼ਿਕਾਇਤਾਂ ਭੇਜ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਐਨ.ਆਰ.ਆਈਜ਼਼ ਨੂੰ ਅਪੀਲ ਕੀਤੀ ਕਿ ਸਰਕਾਰੀ ਪ੍ਰੋਟੋਕੋਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਮਿਲਣੀ ਵਿੱਚ ਆਪਣੇ ਨਾਲ ਰਿਸ਼ਤੇਦਾਰ ਜਾਂ ਦੋਸਤਾਂ ਮਿੱਤਰਾਂ ਨੂੰ ਨਾ ਲਿਆਉਣ।