ENTERTAINMENTFeature NewsNews

ਅਮਰ ਸਿੰਘ ਚਮਕੀਲਾ ਦੇ ਨਾਲ ਗਾਇਕਾ ਅਮਰਜੋਤ ਕੌਰ ਕੌਣ ਸਨ,ਕੀ ਵਾਪਰਿਆ ਸੀ ਕਤਲ ਆਲੇ ਦਿਨ ?

ਅਮਰਜੋਤ ਕੌਰ ਚਮਕੀਲਾ ਦੇ ਨਾਲ ਦੋਗਾਣੇ ਗਾਉਂਦੇ ਸਨ।

ਕੁਲਦੀਪ ਮਾਣਕ ਨੇ ਚਮਕੀਲਾ ਨੂੰ ਅਮਰਜੋਤ ਕੌਰ ਬਾਰੇ ਸੁਝਾਇਆ ਸੀ ਅਤੇ ਬਾਅਦ ਵਿੱਚ ਇਹ ਜੋੜੀ 1980 ਦਹਾਕੇ ਵਿੱਚ ਸੁਪਰਹਿੱਟ ਰਹੀ ਹੈ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਲੱਖਾਂ ਪ੍ਰਸ਼ੰਸ਼ਕ ਖੱਟੇ ਰਹੇ।

ਅਮਰੋਜਤ ਕੌਰ ਦਾ ਜਨਮ ਫ਼ਰੀਦਕੋਟ ਦੇ ਸਾਧਾਰਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਘਰ ਦਾ ਨਾਮ ਬੱਬੀ ਸੀ ਅਤੇ ਸਿੱਧਾ ਨਾਮ ਅਮਰਜੀਤ ਕੌਰ ਸੀ।

ਅਮਰਜੋਤ ਅਤੇ ਅਮਰ ਸਿੰਘ ਚਮਕੀਲਾ ਦੀ ਇਸ ਗਾਇਕ ਜੋੜੀ ਨੂੰ ਸੁਨਣ ਲਈ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਲੋਕ ਸੁਨਣ ਲਈ ਬੇਤਾਬ ਰਹਿੰਦੇ ਸਨ।

ਅਮਰਜੋਤ ਦੀ ਨਿੱਜੀ ਜ਼ਿੰਦਗੀ

ਫ਼ਰੀਦਕੋਟ ਦੀ ਡੋਗਰ ਬਸਤੀ ਗਲੀ ਨੰਬਰ 2 ਦੇ ਆਖ਼ਰੀ ਘਰ ਵਿੱਚ ਰਹਿਣ ਵਾਲੇ ਗੁਰਚਰਨ ਸਿੰਘ ਅਤੇ ਮਾਤਾ ਰਾਜਵੰਸ ਕੌਰ ਦੀ ਕੁੱਖੋਂ ਅਮਰਜੋਤ ਕੌਰ ਦਾ ਜਨਮ 6 ਅਕਤੂਬਰ 1960 ਵਿੱਚ ਹੋਇਆ ਸੀ।

ਅਮਰਜੋਤ ਦੀ ਵੱਡੀ ਭੈਣ ਜਸਵੰਤ ਕੌਰ ਮੁਤਾਬਕ ਉਨ੍ਹਾਂ ਦਾ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਦਰਮਿਆਨ ਪਾਕਿਸਤਾਨ ਤੋਂ ਭਾਰਤ ਆਇਆ ਸੀ।

ਪਰਿਵਾਰ ਵਿੱਚ ਚਾਰ ਭਰਾ, ਬਲਦੇਵ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ ਅਤੇ ਤਿੰਨ ਭੈਣਾਂ, ਕਸ਼ਮੀਰ ਕੌਰ, ਜਸਵੰਤ ਕੌਰ ਅਤੇ ਅਮਰਜੋਤ ਕੌਰ ਸਨ।

ਕਸ਼ਮੀਰ ਕੌਰ ਦੀ 2018 ਵਿੱਚ ਮੌਤ ਹੋ ਗਈ ਜਦਕਿ 1988 ਵਿੱਚ ਪੰਜਾਬ ਦੇ ਮਹਿਸਾਮਪੁਰ ਵਿਖੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਗੋਲੀਆਂ ਵਜਣ ਨਾਲ ਮੌਤ ਹੋ ਗਈ ਸੀ।

ਜਸਵੰਤ ਕੌਰ ਮੁਤਾਬਕ ਅਮਰਜੋਤ ਕੌਰ ਫ਼ਰੀਦਕੋਟ ਦੇ ਕਮਲਾ ਨਹਿਰੂ ਜੈਨ ਸਕੂਲ ਵਿੱਚ ਦਸਵੀਂ ਤੱਕ ਪੜ੍ਹੇ ਸਨ। ਪੜ੍ਹਾਈ ਦੌਰਾਨ ਉਹ ਜੈਵਲਿੰਗ ਥਰੋ, ਸ਼ਾਰਟਪੁਟ ਅਤੇ ਡਿਸਕ ਥਰੋ ਖੇਡਦੇ ਸਨ। ਉਨ੍ਹਾਂ ਨੂੰ ਸਕੂਲ ਪੱਧਰ ’ਤੇ ਕਈ ਇਨਾਮ ਵੀ ਮਿਲੇ ਸਨ।

ਉਗਨਾਂ ਨੂੰ ਇੱਕ ਵਾਰ ਫਲਾਇੰਗ ਸਿੱਖ ਮਿਲਖਾ ਸਿੰਘ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।

ਗਾਇਕੀ ਦੀ ਗੁੜ੍ਹਤੀ

ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਹੀ ਮਿਲੀ ਸੀ। ਉਨ੍ਹਾਂ ਦੀ ਭੈਣ ਇੰਦਰਾ ਕਸ਼ਮੀਰੀ ਅਤੇ ਜਸਵੰਤ ਕੌਰ ਵੀ ਸਟੇਜ ’ਤੇ ਗਾਉਂਦੇ ਸਨ।

ਲੁਧਿਆਣਾ ਦੀ ਸੀਆਰਪੀ ਕਾਲੌਨੀ ਵਿੱਚ ਰਹਿੰਦੇ ਅਮਰਜੋਤ ਦੇ ਵੱਡੇ ਭੈਣ ਜਸਵੰਤ ਕੌਰ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਭਾਵੇਂ 1980 ਦੇ ਦਹਾਕੇ ਵਿੱਚ ਔਰਤਾਂ ‘ਤੇ ਕਈ ਸਮਾਜਿਕ ਪਹਿਰੇ ਸਨ ਪਰੰਤੂ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਾ ਸਮਝਦੇ ਹੋਏ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ ਹੈ।

ਜਸਵੰਤ ਕੌਰ ਦੱਸਦੇ ਹਨ, “ਜਦੋਂ ਅਮਰਜੋਤ ਮਹਿਜ਼ 5 ਸਾਲ ਦੇ ਸਨ ਤਾਂ ਉਹ ਆਪਣੇ ਪਿਤਾ ਨਾਲ ਜਾਗਰਨ ਵਿੱਚ ਜਾਂਦੇ ਸਨ। ਸਾਡੇ ਪਿਤਾ ਹਰਮੋਨੀਅਮ ਵਜਾਉਂਦੇ ਸਨ, ਅਮਰਜੋਤ ਉਨ੍ਹਾਂ ਦੀ ਗੋਦ ਵਿੱਚ ਬੈਠੀ ਹੁੰਦੀ ਸੀ। ਜਾਗਰਣ ਵਿੱਚ ਜਾਣ ਕਰਕੇ ਉਸ ਨੂੰ ਭੇਟਾਂ ਗਾਉਣ ਦਾ ਸ਼ੌਂਕ ਜਾਗਿਆ।”

ਕੋਟਕਪੂਰੇ ਦੇ ਕਲਾਕਾਰ ਵਰਿੰਦਰ ਗੋਲਡੀ ਮੁਤਾਬਕ ਉਨ੍ਹਾਂ ਦੇ ਪਿਤਾ ਸੁਭਾਸ਼ ਦੀਪਕ ਨਾਲ ਮਰਹੂਮ ਗਾਇਕਾ ਅਮਰਜੋਤ ਕੌਰ ਜਗਰਾਤਿਆਂ ਵਿੱਚ ਗਾਉਣ ਜਾਂਦੀ ਸੀ। ਉਨ੍ਹਾਂ ਇੱਕ ਜਾਗਰਣ ਦੀ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਅਮਰਜੋਤ ਭਜਨ ਗਾ ਰਹੀ ਸੀ।

ਫਿਰ ਉਨ੍ਹਾਂ ਦੀ ਰੁਚੀ ਪੰਜਾਬੀ ਗੀਤਾਂ ਵੱਲ ਹੋ ਗਈ। ਡੋਗਰ ਬਸਤੀ ਦੀ ਵਸਨੀਕ ਮਨਜੀਤ ਕੌਰ ਮੁਤਾਬਕ ਅਮਰਜੋਤ ਦਾ ਪਰਿਵਾਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਸੀ। ਉਹ ਆਪਣੇ ਇਸ ਜੱਦੀ ਘਰ ਵਿੱਚ ਹੀ ਗਾਇਕੀ ਦਾ ਰਿਆਜ਼ ਕਰਦੇ ਸਨ।

ਗਾਇਕੀ ਦੀ ਸ਼ੁਰੂਆਤ ਕਿਥੋਂ ਹੋਈ ?

ਜਸਵੰਤ ਕੌਰ ਦੱਸਦੇ ਹਨ, ਉਨ੍ਹਾਂ ਨੇ ਆਪਣੀ ਗਾਇਕੀ ਦਾ ਸਫ਼ਰ ‘ ਤੇਰੇ ਨਾਮਕਾ ਦੀਵਾਨਾ ਤੇਰੇ ਘਰ ਕੋ ਡੂੰਡਤਾ ਹੈ’ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਸ਼ੁਰੂ ਕੀਤਾ।”

ਉਹ ਅੱਗੇ ਦੱਸਦੇ ਹਨ ਕਿ ਸ਼ੁਰੂਆਤੀ ਦੌਰ ਵਿੱਚ ਅਮਰਜੋਤ ਨੇ ਪਿਆਰਾ ਸਿੰਘ ਪੰਛੀ ਨਾਲ ਗਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਧੰਨਾ ਸਿੰਘ ਰੰਗੀਲਾ, ਫਿਰ ਕਰਨੈਲ ਸਿੰਘ ਅਤੇ ਫੇਰ ਕੁਲਦੀਪ ਮਾਣਕ ਨਾਲ ਕਈ ਗਾਣੇ ਰਿਕਾਰਡ ਕਰਵਾਏ ਅਤੇ ਸਟੇਜਾਂ ਸਾਂਝੀਆਂ ਕੀਤੀਆਂ।

ਜਸਵੰਤ ਕੌਰ ਮੁਤਾਬਕ, “ਉਸ ਵੇਲੇ ਅਮਰ ਸਿੰਘ ਚਮਕੀਲੇ ਨੂੰ ਕਲਾਕਾਰ ਗਾਇਕਾ ਦੀ ਲੋੜ ਸੀ ਤਾਂ ਅਮਰਜੋਤ ਉਨ੍ਹਾਂ ਦੇ ਸੰਪਰਕ ਵਿੱਚ ਆਈ। ਉਸ ਸਮੇਂ ਅਮਰਜੋਤ ਤੇ ਚਮਕੀਲੇ ਨੇ ਕੁਝ ਗਾਣੇ ਰਿਕਾਰਡ ਕਰਵਾਏ ਅਤੇ ਸਟੇਜਾਂ ’ਤੇ ਗਾਉਣਾ ਸ਼ੁਰੂ ਕਰ ਦਿੱਤਾ।”

“ਇਸ ਦੌਰਾਨ ਲੋਕਾਂ ਦਾ ਬਹੁਤ ਸਾਰਾ ਪਿਆਰ ਮਿਲਿਆ। ਇਹ ਦੋਵੇਂ ਜਣੇ ਇੱਕ ਦਿਨ ‘ਚ ਦੋ-ਦੋ ਅਖਾੜੇ ਵੀ ਲਗਾਉਂਦੇ। ਤਕਰੀਬਨ ਚਾਰ ਤੋਂ ਸਾਢੇ ਚਾਰ ਹਜ਼ਾਰ ਰੁਪਏ ਇੱਕ ਸਟੇਜ ਦਾ ਲੈਣਾ ਸ਼ੁਰੂ ਕਰ ਦਿੱਤਾ।”

ਜਸਵੰਤ ਕੌਰ ਦੱਸਦੇ ਹਨ ਕਿ ਉਹ ਸਿਰਫ਼ ਨਵੇਂ ਗੀਤਾਂ ਲਈ ਰਿਆਜ਼ ਕਰਦੇ ਹੁੰਦੇ ਸਨ ਕਿਉਂਕਿ ਉਨ੍ਹਾਂ ਦੇ ਪ੍ਰੋਗਰਾਮ ਹੀ ਇੰਨੇ ਹੁੰਦੇ ਸਨ ਕਿ ਉਨ੍ਹਾਂ ਕੋਲ ਰਿਆਜ਼ ਲਈ ਸਮਾਂ ਹੀ ਨਹੀਂ ਹੁੰਦਾ ਸੀ।

ਅਮਰਜੋਤ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਤਕਰੀਬਨ 25 ਤੋਂ ਵੱਧ ਕੈਸਿਟ ਤਿਆਰ ਕਰਵਾਈਆਂ।

ਜਸਵੰਤ ਕੌਰ ਨੇ ਆਪਣੇ ਘਰ ਵਿੱਚ ਅਮਰਜੋਤ ਦੀ ਮੇਕਅੱਪ ਕਿੱਟ ਤੇ ਉਨ੍ਹਾਂ ਦੇ ਸੂਟ ਦੇ ਦੁੱਪਟੇ ਨੂੰ ਯਾਦਗਾਰ ਵਜੋਂ ਸਾਂਭ ਕੇ ਰੱਖਿਆ ਹੋਇਆ ਹੈ।

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਗਾਇਕੀ ਵਿੱਚ ਜਾਨ ਪਾਉਣ ਲਈ ਫ਼ਰੀਦਕੋਟ ਦੀ ਡੋਗਰ ਬਸਤੀ ਦੇ ਵਸਨੀਕ ਰਮੇਸ਼ ਕੁਮਾਰ ਮੇਛਾ ਨੇ ਢੋਲਕੀ ਵਜਾ ਕੇ ਅਹਿਮ ਭੂਮਿਕਾ ਨਿਭਾਈ।

ਉਹ ਦੱਸਦੇ ਹਨ ਕਿ ਉਸ ਸਮੇਂ ਸਾਜੀ ਨੂੰ ਮਹਿਜ਼ 15 ਤੋਂ 30 ਰੁਪਏ ਮਿਲਦੇ ਸਨ। ਇੱਕ ਵਾਰ ਤਾਂ ਅਮਰ ਸਿੰਘ ਚਮਕੀਲੇ ਨੇ ਉਨ੍ਹਾਂ ਨੂੰ 300 ਰੁਪਏ ਦਿੱਤੇ। ਉਸ ਸਮੇਂ ਇਹ ਰਕਮ ਉਸ ਲਈ ਬਹੁਤ ਵੱਡੀ ਸੀ।

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਇੱਕ ਅਖਾੜੇ ਦਾ 4 ਤੋਂ ਸਾਢੇ ਚਾਰ ਹਜ਼ਾਰ ਰੁਪਏ ਉਨ੍ਹਾਂ ਸਮੇਂ ਵਿੱਚ ਲੈਂਦੇ ਸਨ।

ਅਮਰਜੋਤ ਅਤੇ ਚਮਕੀਲੇ ਦਾ ਵਿਆਹ

ਅਣਗਿਣਤ ਸਟੇਜਾਂ ’ਤੇ ਕੰਮ ਕਰਦਿਆਂ-ਕਰਦਿਆਂ ਉਹ ਦੋਵੇਂ 1983 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਜਸਵੰਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਵਿਆਹ ਤੋਂ ਪਤਾ ਲੱਗਾ ਕਿ ਅਮਰ ਸਿੰਘ ਚਮਕੀਲੇ ਦਾ ਪਹਿਲਾਂ ਵਿਆਹ ਹੋਇਆ ਹੈ।

ਉਹ ਯਾਦ ਕਰਦੇ ਹਨ, “ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਨੇ ਸਾਨੂੰ ਇਹੀ ਦੱਸਿਆ ਕਿ ਉਨ੍ਹਾਂ ਦਾ ਵਿਆਹ ਨਹੀਂ ਹੋਇਆ। ਮੇਰੇ ਪਿਤਾ ਜੀ ਦਾ ਕਹਿਣਾ ਸੀ ਕਿ ਅਮਰਜੋਤ ਦਾ ਵਿਆਹ ਉੱਥੇ ਹੀ ਕਰਨਾ ਹੈ ਜਿੱਥੇ ਮੁੰਡਾ ਕੁਆਰਾ ਅਤੇ ਗਾਉਂਦਾ ਹੋਵੇ। ਚਮਕੀਲੇ ਨੇ ਘਰੇ ਵਿਆਹ ਦੀ ਗੱਲ ਕੀਤੀ ਤੇ ਪਾਪਾ ਮੰਨ ਗਏ।”

ਉਹ ਦੱਸਦੇ ਹਨ, “ਸਾਨੂੰ ਉਨ੍ਹਾਂ ਦੇ ਪਹਿਲੇ ਵਿਆਹ ਦਾ ਪਤਾ ਉਦੋਂ ਪਤਾ ਲੱਗਾ ਜਦੋਂ ਇਨ੍ਹਾਂ ਦੇ ਪਹਿਲਾਂ ਮੁੰਡਾ ਹੋਇਆ।”

ਇਸ ਦੌਰਾਨ ਉਨ੍ਹਾਂ ਦੋ ਪੁੱਤਰਾਂ, ਜੈਮਨ ਚਮਕੀਲਾ ਅਤੇ ਰਿਪੂ, ਦਾ ਜਨਮ ਹੋਇਆ। ਬਚਪਨ ਵਿੱਚ ਬੀਮਾਰ ਹੋਣ ਕਰਕੇ ਰਿਪੂ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਜਸਵੰਤ ਕੌਰ ਨੇ ਆਪਣੇ ਲੁਧਿਆਣਾ ਰਿਹਾਇਸ਼ ਵਿੱਚ ਚਾਰੇ ਪਾਸੇ ਆਪਣੀ ਭੈਣ ਅਮਰਜੋਤ ਅਤੇ ਜੀਜਾ ਅਮਰ ਸਿੰਘ ਚਮਕੀਲੇ ਦੀਆਂ ਤਸਵੀਰਾਂ ਆਪਣੇ ਘਰ ਦੀ ਸਾਰੀਆਂ ਕੰਧਾਂ ’ਤੇ ਫਲੈਕਸ ਬਣਾ ਕੇ ਲਗਾਈਆਂ ਹੋਈਆਂ ਹਨ।

ਬੀਬੀਸੀ ਪੰਜਾਬੀ ਨੂੰ ਉਨ੍ਹਾਂ ਅਮਰਜੋਤ ਦੀਆਂ ਚੁੰਨੀਆਂ ਤੇ ਮੇਕਅੱਪ ਕਿੱਟ ਵੀ ਵਿਖਾਈ। ਉਹ ਦੱਸਦੇ ਹਨ ਕਿ ਉਹ ਹਰ ਸਾਲ ਆਪਣੀ ਭੈਣ ਦਾ ਜਨਮ ਦਿਨ ਕੇਕ ਕੱਟ ਕੇ ਮਨਾਉਂਦੇ ਹਨ।

ਮੌਤ ਵਾਲੇ ਦਿਨ ਕੀ ਹੋਇਆ

ਜਸਵੰਤ ਕੌਰ ਮੁਤਾਬਕ, “ਉਨ੍ਹਾਂ ਦਾ ਬੇਟਾ 21 ਦਿਨਾਂ ਸੀ, ਜਦੋਂ ਉਹ ਸਾਡੇ ਕੋਲ ਛੱਡ ਕੇ ਗਈ ਸੀ ਅਤੇ ਮੌਤ ਤੋਂ 16 ਦਿਨ ਪਹਿਲਾਂ ਉਸ ਨੇ ਆਪਣੇ ਬੇਟੇ ਨੂੰ ਦੇਖਿਆ ਸੀ।”

ਉਹ ਆਖਦੇ ਹਨ, “ਸਾਡੇ ਤਾਂ ਘਰ ਦੇ ਦੋ ਜੀਆਂ ਦੀ ਮੌਤ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਬੇਟਾ ਵੀ ਇੱਕ ਮਹੀਨਾ ਬਿਮਾਰ ਰਿਹਾ ਤੇ ਉਸ ਦੀ ਮੌਤ ਹੋ ਗਈ।”

ਜਸਵੰਤ ਕੌਰ ਦੱਸਦੇ ਹਨ, “ਜਿਸ ਦਿਨ ਉਨ੍ਹਾਂ ਦੀ ਮੌਤ ਹੋਈ ਸੀ, ਉਸ ਤੋਂ ਪਹਿਲਾਂ ਜਦੋਂ ਉਹ ਕਿਸੇ ਦੇ ਸ਼ਗਨ ਦੇ ਪ੍ਰੋਗਰਾਮ ਲਈ ਘਰੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਸੀ। ਜਿਵੇਂ ਗੱਡੀ ਵੀ ਕਹਿ ਰਹੀ ਹੋਵੇ ਕਿ ਤੁਸੀਂ ਅੱਜ ਪ੍ਰੋਗਰਾਮ ‘ਤੇ ਨਾ ਜਾਓ, ਕੁਝ ਮਾੜਾ ਵਾਪਰਨ ਵਾਲਾ ਹੈ।”

“ਪਰ ਮਿਸਤਰੀ ਲੱਗੇ ਸੀ, ਬੜਾ ਧੱਕਾ ਲਗਾ-ਲਗਾ ਕੇ ਦੇਖਿਆ ਗੱਡੀ ਚਾਲੂ ਹੀ ਨਾ ਹੋਵੇ। ਜਦੋਂ ਉਨ੍ਹਾਂ ਨੇ ਕਿਹਾ ਕਿ ਗੱਡੀ ਰਹਿਣ ਦਿਓ, ਕੋਈ ਗੱਡੀ ਬੁੱਕ ਕਰ ਲੈਂਦੇ ਹਾਂ ਤਾਂ ਬੱਸ ਇਨ੍ਹਾਂ ਕਹਿੰਦਿਆਂ ਹੀ ਗੱਡੀ ਵੀ ਚਾਲੂ ਹੋ ਗਈ।”

“ਜਗਰਾਓਂ ਪੁੱਲ਼ ‘ਤੇ ਜਾ ਕੇ ਗੱਡੀ ਪੈਂਚਰ ਹੋ ਗਈ ਤਾਂ ਫਿਰ ਪੈਂਚਰ ਲਗਵਾਇਆ। ਜਦੋਂ ਉਹ ਪਹੁੰਚੇ ਤਾਂ ਅੱਗੇ ਪ੍ਰੋਗਰਾਮ ਚੱਲ ਰਿਹਾ ਸੀ। ਉੱਥੇ ਉਨ੍ਹਾਂ ਨੂੰ ਪਹਿਲਾਂ ਚੁਬਾਰੇ ‘ਤੇ ਬਿਠਾ ਦਿੱਤਾ, ਇੱਥੇ ਰੋਟੀ-ਪਾਣੀ ਖਾਧਾ।”

“ਜਦੋਂ ਅਨਾਊਂਸਮੈਂਟ ਹੋਈ ਤਾਂ ਉਹ (ਕਾਤਲ) ਉੱਥੇ ਪਹਿਲਾ ਹੀ ਮੌਜੂਦ ਸਨ। ਪਰ ਫਿਰ ਜੋ ਹੋਇਆ ਸਾਰੀ ਦੁਨੀਆਂ ਨੂੰ ਪਤਾ ਹੈ।”

ਉਹ ਅੱਗੇ ਦੱਸਦੇ ਹਨ, “ਸਾਨੂੰ ਤਾਂ ਰਾਤ ਦੀਆਂ 7.30 ਵਾਲੀਆਂ ਖ਼ਬਰਾਂ ਤੋਂ ਪਤਾ ਲੱਗਾ। ਸਾਡੇ ਗੁਆਂਢ ਵਿੱਚ ਵਿਆਹ ਵਾਲਾ ਮਾਹੌਲ ਚੱਲ ਰਿਹਾ ਸੀ ਤੇ ਮੇਰੀਆਂ ਆਂਢਣਾ-ਗੁਆਂਢਣਾਂ ਨੇ ਵੀ ਦੱਸਿਆ। ਉਨ੍ਹਾਂ ਨੂੰ ਵੀ ਲੱਗਾ ਕਿ ਸ਼ਾਇਦ ਇਸ ਨੂੰ ਪਤਾ ਹੋਵੇਗਾ। ਪਰ ਮੈਂ ਟੀਵੀ ਬੰਦ ਕਰ ਕੇ ਰੋਟੀ ਖਾ ਕੇ ਸੌਂ ਗਈ ਤੇ ਰਾਤ ਨੂੰ ਇੱਕ ਕੁ ਵਜੇ ਮੇਰਾ ਭਰਾ ਆਇਆ।”

“ਭਰਾ ਨੇ ਜਦੋਂ ਬੈੱਲ ਮਾਰੀ ਤਾਂ ਮੈਨੂੰ ਲੱਗਾ ਕਿ ਰਾਤ ਨੂੰ ਕੌਣ ਹੈ, ਇਸ ਵੇਲੇ ਤਾਂ ਕੋਈ ਆਉਂਦਾ ਨਹੀਂ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਅਮਰਜੋਤ ਤੇ ਚਮਕੀਲੇ ਨੂੰ ਗੋਲੀ ਵੱਜੀ ਹੈ, ਉਹ ਹਸਪਤਾਲ ਹਨ। ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।”

ਜਸਵੰਤ ਕੌਰ ਅੱਖਾਂ ਭਰ ਕੇ ਯਾਦ ਕਰਦੇ ਹਨ, “ਮੈਂ ਸਮਝ ਗਈ ਕਿ ਜੇ ਗੋਲੀ ਵੱਜੀ ਹੁੰਦੀ ਤਾਂ ਅੱਧੀ ਰਾਤ ਨੂੰ ਲੈਣ ਥੋੜ੍ਹੀ ਆਉਣਾ ਸੀ, ਮੈਂ ਲੱਗਾ ਜ਼ਿਆਦਾ ਵੱਡੀ ਗੱਲ ਹੈ। ਜਦੋਂ ਅਸੀਂ 3-4 ਵਜੇ ਲੁਧਿਆਣੇ ਪਹੁੰਚੇ ਤਾਂ ਉੱਥੇ ਲਾਸ਼ਾਂ ਪਈਆਂ ਸਨ।”

ਸਰਕਾਰ ਤੋਂ ਮੰਗ

8 ਮਾਰਚ 1988 ਦੀ ਉਹ ਘਟਨਾ ਨੂੰ ਯਾਦ ਕਰਦੇ ਹੋਏ ਜਸਵੰਤ ਕੌਰ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ 36 ਸਾਲ ਦਾ ਸਮਾਂ ਹੋ ਗਿਆ, ਉਨ੍ਹਾਂ ਦੀ ਭੈਣ ਤੇ ਜੀਜੇ ਦੇ ਕਾਤਲਾਂ ਬਾਰੇ ਪੁਲੀਸ ਕੋਈ ਖ਼ਬਰ ਨਹੀਂ ਕੱਢ ਸਕੀ।

ਸਰਕਾਰ ਤੋਂ ਮੰਗ ਕਰਦਿਆਂ ਉਹ ਕਹਿੰਦੇ ਹਨ, “ਸਾਡੀ ਤਾਂ ਅਜੇ ਵੀ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਜੇਕਰ ਅਜੇ ਵੀ ਉਨ੍ਹਾਂ ਦੇ ਕਾਤਲ ਫੜ੍ਹੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ।”

ਉਹ ਇਹ ਵੀ ਕਹਿੰਦੇ ਹਨ ਕਿ ਫਿਲਮ ਥਿਏਟਰਾਂ ਵਿੱਚ ਵੀ ਲੱਗਣੀ ਚਾਹੀਦੀ ਹੈ ਕਿਉਂਕਿ ਉਹ ਪੇਂਡੂ ਲੋਕਾਂ ਦੇ ਗਾਇਕ ਸਨ। ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਨੈੱਟਫਲਿਕਸ ਕੀ ਹੁੰਦਾ ਹੈ।

ਉਨ੍ਹਾਂ ਨੇ ਫਿਲਮ ਦੇ ਸਿਰਲੇਖ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ, “ਫ਼ਿਲਮ ਦਾ ਟਾਇਟਲ ਅਮਰ ਸਿੰਘ ਚਮਕੀਲੇ ਦੇ ਨਾਂ ’ਤੇ ਰੱਖਿਆ ਗਿਆ ਹੈ ਤੇ ਅਮਰਜੋਤ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਦਕਿ ਦੋਵੇਂ ਇਕੱਠੇ ਹੀ ਹਿੱਟ ਹੋਏ ਸਨ।”

Source :  BBC News Punjabi

Leave a Reply

Your email address will not be published. Required fields are marked *