ਸਾਡੀ ਮਾਨਸਿਕਤਾ ਚ ਗਿਰਾਵਟ ਕਿਉਂ ?
ਇਸ ਵਿਸ਼ੇ ਤੇ ਲਿਖਣ ਲੱਗਿਆਂ ਮਨ ਬੜਾ ਭਾਰੀ ਏ ਕਿਉਂਕਿ ਇਹ ਲਿਖਣ ਦਾ ਕਾਰਨ ਇਹ ਹੈ ਕਿ ਸਾਡੀ ਮਾਨਸਿਕਤਾ ਦਿਨੋਂ ਦਿਨ ਕਿਉਂ ਗਿਰਦੀ ਜਾ ਰਹੀ ਏ!? ਕਿਉਂ ਅਸੀਂ ਆਪਣਿਆਂ ਨੂੰ ਹੀ ਪਿੱਛੇ ਛੱਡਣ,ਥੱਲੇ ਲਾਉਣ ਦੀ ਕੋਸ਼ਿਸ਼ ਚ ਲੱਗੇ ਰਹਿੰਦੇ ਹਾਂ।ਉਹ ਵੀ ਤਾਂ ਸਮਾਂ ਸੀ ਜਦੋਂ ਇਕ ਛੱਤ ਥੱਲੇ ਇਕ ਪਰਿਵਾਰ ਵਿਚ ਵੀਹ ਵੀਹ ਜਾਣੇ ਬੜੀ ਹੀ ਮੌਜ ਮਸਤੀ ਵਿੱਚ ਹੱਸਦੇ,ਟੱਪਦੇ,ਨੱਚਦੇ ਰਹਿੰਦੇ ਸੀ। ਪਰ ਹੁਣ ਇਕ ਪਰਿਵਾਰ ਵਿਚ ਦੋ,ਚਾਰ,ਛੇ ਇਸ ਤੋਂ ਵੱਧ ਪਰਿਵਾਰ ਦੇ ਜੀਅ ਹੀ ਨਹੀਂ ਤੇ ਇਹ ਵੀ ਇਕ ਦੂਜੇ ਨੂੰ ਬੜੇ ਹੀ ਰੁੱਖੇ ਵਤੀਰੇ ਨਾਲ ਮਿਲਦੇ ਨੇ ਜਾਂ ਫਿਰ ਮਿਲਦੇ ਹੀ ਨਹੀਂ ਕਿਉਂਕਿ ਸਮਾਂ ਨਹੀਂ ਕਿਉਂ!! ਕਿਉਂਕਿ ਉਹ ਸਮਾਂ ਸਾਡੇ ਫੋਨ ਨੇ ਲੈ ਲਿਆ ਅਸੀਂ ਘੰਟਿਆਂ ਵੱਧੀ ਫੋਨ ਤੇ ਲੱਗੇ ਰਹਿੰਦੇ ਆਂ। ਆਪਣੇ ਕੋਲ ਬੈਠਿਆਂ ਲਈ ਸਾਡੇ ਕੋਲ ਸਮਾਂ ਨਹੀਂ।ਇਹ ਹੈ ਸਾਡੀ ਮਾਨਸਿਕਤਾ ਜੋ ਦਿਨੋਂ ਦਿਨ ਗਿਰਦੀ ਹੀ ਜਾ ਰਹੀ ਏ। ਅਸੀਂ ਇਹ ਗੱਲ ਤਾਂ ਕਰਦੇ ਹਾਂ ਪਰ ਕੀ ਅਸੀਂ ਇਸ ਦਾ ਕੋਈ ਹੱਲ ਲੱਭ ਸਕਦੇ ਹਾਂ? ਕਿਉਂ ਜਲਦੇ ਹਾਂ ਅਸੀਂ ਆਪਣਿਆਂ ਉੱਤੇ ਜੋ ਕੰਮ ਕਰ ਅੱਗੇ ਵਧ ਰਹੇ ਨੇ? ਕਿਉਂ ਖਿਚਦੇ ਆਂ ਲੱਤਾਂ ਅਸੀਂ ਆਪਣਿਆਂ ਦੀਆਂ ਹੀ ਜੋ ਕਿਤੇ ਨਾ ਕਿਤੇ ਆਪਣੇ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਚ ਲੱਗੇ ਹਨ। ਕਿਉਂ ਅਸੀਂ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦੇ ਸਕਦੇ?ਜੇ ਹੱਲਾਸ਼ੇਰੀ ਨਹੀਂ ਦੇ ਸਕਦੇ ਤਾਂ ਉਹਨੂੰ ਮੰਦਾ ਵੀ ਕਿਉਂ ਬੋਲਣਾ !? ਇੱਥੇ ਹੀ ਦੁੱਖ ਹੁੰਦਾ ਏ ਕਿ ਸਾਡੇ ਚ ਇਹ ਸਕਾਰਮਿਕਤਾ ਹੈ ਹੀ ਨਹੀਂ ਅਸੀਂ ਦਿਨੋਂ ਦਿਨ ਨਕਾਰਮਿਕਤਾ ਵੱਲ ਵਧਦੇ ਜਾ ਰਹੇ ਆਂ।
ਇਹ ਬਹੁਤ ਹੀ ਮੰਦਭਾਗੀ ਤੇ ਸੋਚਣ ਵਾਲੀ ਗੱਲ ਹੈ। ਇੱਕ ਵਹਿਲਾ ਬੈਠਾ ਚਾਹੇ ਉਹ ਔਰਤ ਹੈ ਚਾਹੇ ਮਰਦ ਜੇਕਰ ਉਹ ਕੰਮ ਕਰਦੇ ਨੂੰ ਉਂਝ ਹੀ ਤਾਹਨੇ ਮਿਹਣੇ ਦੇਵੇ ਤੇ ਅੱਗੋ ਸੁਣਨ ਵਾਲਾ ਜੇ ਅਣਸੁਣਿਆਂ ਕਰ ਆਪਣੇ ਕੰਮ ਚ ਹੀ ਧਿਆਨ ਦਿੰਦਾ ਉਹ ਠੀਕ ਪਰ ਕਈ ਵਾਰ ਉਹ ਜ਼ਿਆਦਾ ਸੋਚਣ ਵਾਲਾ ਜਾਂ ਫਿਰ ਕਿਸੇ ਤੋਂ ਕਹਾਉਣ ਵਾਲਾ ਨਹੀਂ ਹੁੰਦਾ ਉੱਥੇ ਆ ਕੇ ਮਸਲੇ ਉਲਝ ਜਾਂਦੇ ਨੇ ਜਾਂ ਤਾਂ ਉਹ ਕੰਮ ਕਰਨ ਵਾਲਾ ਬੋਝ ਲੈ ਬਹਿੰਦਾ ਏ ਤੇ ਗਾਲੀ ਗਲੋਚ ਤੇ ਮਾਰ ਕੁਟਾਈ ਤੇ ਉੱਤਰ ਆਉਂਦਾ ਏ।ਤੇ ਕਈ ਇਸ ਦੇ ਉਲਟ ਸੋਚਣ ਵਾਲਾ ਤਾਹਨੇ ਨੂੰ ਮੰਨ ਆਪਣਾ ਸਾਰਾ ਧਿਆਨ ਆਪਣੀ ਮਿਹਨਤ ਤੇ ਲਾਉਂਦਾ ਤੇ ਚੰਗਾ ਮੁਕਾਮ ਵੀ ਪਾ ਲੈਂਦਾ।ਪਰ ਗੱਲ ਇੱਥੇ ਕਿਸੇ ਨੂੰ ਗ਼ਲਤ ਬੋਲਣ, ਕਿਸੇ ਨੂੰ ਅੱਗੇ ਵਧਣ ਤੋਂ ਰੋਕਣ ਦੀ ਏ ਮੰਨਿਆ ਕਿਸੇ ਦੇ ਕਹਿਣ ਤੇ ਕੁਝ ਨੀਂ ਹੁੰਦਾ ਪਰ ਜੇ ਹੁੰਦਾ ਤਾਂ ਉਹ ਬਹੁਤ ਭਿਆਨਕ ਹੁੰਦਾ। ਇਹ ਗੱਲਾਂ ਕਰਨ ਨਾਲ ਕੋਈ ਹੱਲ ਨਹੀਂ ਹੋਣਾ।ਇਹ ਸੁਧਾਰ ਹੋਣਾ ਤਾਂ ਸਿਰਫ਼ ਆਪਣੀ ਮਾਨਸਿਕਤਾ ਨੂੰ ਬਦਲਣ ਤੇ ਸਭ ਨਾਲ ਪਿਆਰ ਕਰਨ ਤੇ ਈਰਖਾ ਨੂੰ ਖ਼ਤਮ ਕਰ ਅਪਣੱਤ ਵਧਾਉਣ ਤੇ ਗ਼ਲਤ ਰਸਤੇ ਤੇ ਚੱਲਣ ਵਾਲੇ ਨੂੰ ਸਹੀ ਰਸਤਾ ਦਿਖਾਉਣ ਤੇ ਹੀ ਅਸੀਂ ਰਿਸ਼ਤਿਆਂ ਦੇ ਪਿਆਰ ਚ ਆ ਰਹੀ ਰੁਕਾਵਟ ਨੂੰ ਦੂਰ ਕਰ ਸਕਦੇ ਹਾਂ।
ਚਲੋ ਆਜੋ ਇਸ ਨਵੇਂ ਵਰ੍ਹੇ ਤੇ ਕੁਝ ਨਵਾਂ ਕਰੀਏ, ਕਿਸੇ ਨੂੰ ਸੁੱਟਣ ਵਾਲੇ ਨਹੀਂ ਚੁੱਕਣ ਵਾਲੇ ਬਣੀਏਂ। ਕਿਸੇ ਦੀ ਕਮਜ਼ੋਰੀ ਨਹੀਂ ਤਾਕਤ ਬਣੀਏਂ। ਰਿਸ਼ਤਿਆਂ ਚ ਦੂਰੀ ਨਹੀਂ ਨੇੜਤਾ ਵਧਾਈਏ। ਪਿਆਰ ਦੇ ਬੋਲ ਬੋਲੀਏ ਤੇ ਸਾਕਾਰਮਿਕਤਾ ਵਾਲਾ ਸੁਭਾਅ ਰੱਖੀਏ ਤਾਂ ਹੀ ਅਸੀਂ ਖੁਸ਼ ਆਬਾਦ ਤੇ ਲੰਮੀਆਂ ਉਮਰਾਂ ਮਾਣ ਸਕਦੇ ਹਾਂ।
ਜਸਪ੍ਰੀਤ ਕੌਰ ਬੱਬੂ
94782-71282